IMG-LOGO
ਹੋਮ ਪੰਜਾਬ, ਚੰਡੀਗੜ੍ਹ, ਚੰਡੀਗੜ੍ਹ ’ਚ ਨਸ਼ੇ ਖ਼ਿਲਾਫ਼ ਪੁਲਿਸ ਦਾ ਵੱਡਾ ਐਕਸ਼ਨ: 11 ਦਿਨਾਂ...

ਚੰਡੀਗੜ੍ਹ ’ਚ ਨਸ਼ੇ ਖ਼ਿਲਾਫ਼ ਪੁਲਿਸ ਦਾ ਵੱਡਾ ਐਕਸ਼ਨ: 11 ਦਿਨਾਂ ’ਚ 120 ਕਾਬੂ, 30 ਸਤੰਬਰ ਤੱਕ ਸਫ਼ਾਇਆ ਕਰਨ ਦੇ ਹੁਕਮ

Admin User - Sep 23, 2026 12:09 PM
IMG

ਰਾਜਧਾਨੀ ਚੰਡੀਗੜ੍ਹ ਨੂੰ ਨਸ਼ਾਮੁਕਤ ਬਣਾਉਣ ਲਈ ਚੰਡੀਗੜ੍ਹ ਪੁਲਿਸ ਨੇ ਗ਼ੈਰ-ਕਾਨੂੰਨੀ ਧੰਦੇਬਾਜ਼ਾਂ ਅਤੇ ਸ਼ਰਾਰਤੀ ਅਨਸਰਾਂ ਵਿਰੁੱਧ ਧਾਵਾ ਬੋਲ ਦਿੱਤਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਵਿੱਢੀ ਗਈ ਇਸ ਵਿਸ਼ੇਸ਼ ਮੁਹਿੰਮ ਦੇ ਪਹਿਲੇ 11 ਦਿਨਾਂ ਅੰਦਰ ਹੀ ਐਨ.ਡੀ.ਪੀ.ਐਸ. ਐਕਟ ਤਹਿਤ 119 ਮੁਕੱਦਮੇ ਦਰਜ ਕਰ ਕੇ 120 ਦੇ ਕਰੀਬ ਦੋਸ਼ੀਆਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਧੱਕਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸ਼ੱਕੀ ਗਤੀਵਿਧੀਆਂ ਦੇ ਆਧਾਰ ’ਤੇ 296 ਵਿਅਕਤੀਆਂ ਨੂੰ ਇਹਤਿਆਤ ਵਜੋਂ ਹਿਰਾਸਤ ’ਚ ਲਿਆ ਗਿਆ ਹੈ।


ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੁਲਿਸ ਡਾਇਰੈਕਟਰੇਟ ਨੂੰ 30 ਸਤੰਬਰ ਤੱਕ ਸ਼ਹਿਰ ਵਿੱਚੋਂ ਨਸ਼ੇ ਦਾ ਕੋੜ੍ਹ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਸਖ਼ਤ ਅਲਟੀਮੇਟਮ ਦਿੱਤਾ ਹੈ। ਰਾਜਪਾਲ ਨੇ ਸਪੱਸ਼ਟ ਕੀਤਾ ਹੈ ਕਿ ਨਿਸ਼ਚਿਤ ਮਿਤੀ ਤੋਂ ਬਾਅਦ ਜੇਕਰ ਕਿਸੇ ਵੀ ਖੇਤਰ ਵਿੱਚ ਨਸ਼ਾ ਵਿਕਣ ਦੀ ਖ਼ਬਰ ਸਾਹਮਣੇ ਆਈ, ਤਾਂ ਸਬੰਧਤ ਇਲਾਕਾ ਐਸ.ਐਚ.ਓ. ਅਤੇ ਫੀਲਡ ਅਮਲੇ ਵਿਰੁੱਧ ਕੜੀ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।


ਐਸ.ਐਸ.ਪੀ. ਕੰਵਰਦੀਪ ਕੌਰ ਅਤੇ ਐਸ.ਪੀ. (ਸਿਟੀ) ਵਿਜੇ ਕੁਮਾਰ ਦੀ ਸਿੱਖਿਆ ਹੇਠ ਪੁਲਿਸ ਦੀਆਂ ਵੱਖ-ਵੱਖ ਟੀਮਾਂ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ, ਮੁੜ-ਵਸੇਬਾ ਕਲੋਨੀਆਂ, ਜੰਗਲਾਤ ਖੇਤਰਾਂ ਅਤੇ ਖਾਲੀ ਪਈਆਂ ਖੰਡਰ ਇਮਾਰਤਾਂ ’ਚ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਜ਼ਮਾਨਤ ’ਤੇ ਬਾਹਰ ਆਏ ਪੁਰਾਣੇ ਸਮੱਗਲਰਾਂ ਅਤੇ ਅਪਰਾਧੀਆਂ ਦੀਆਂ ਗਤੀਵਿਧੀਆਂ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।


ਕਾਰਵਾਈ ਦੌਰਾਨ ਪੁਲਿਸ ਨੇ ਭਾਰੀ ਮਾਤਰਾ ਵਿੱਚ ਹੇਰੋਇਨ, ਆਈਸ ਡਰੱਗ, ਗਾਂਜਾ, ਨਸ਼ੀਲੇ ਟੀਕੇ, ਚਾਕੂ ਅਤੇ ਗ਼ੈਰ-ਕਾਨੂੰਨੀ ਹੁੱਕੇ ਬਰਾਮਦ ਕੀਤੇ ਹਨ।


ਹਾਲਾਂਕਿ ਪੁਲਿਸ ਦੀ ਇਸ ਕਾਰਵਾਈ ਨਾਲ ਹੇਠਲੇ ਪੱਧਰ ਦੇ ਤਸਕਰ ਅਤੇ ਨਸ਼ੇੜੀ ਕਾਬੂ ਆ ਰਹੇ ਹਨ, ਪਰ ਪੁਲਿਸ ਲਈ ਸਭ ਤੋਂ ਵੱਡਾ ਇਮਤਿਹਾਨ ਨਸ਼ੇ ਦੇ ਅਸਲ ਸਰੋਤ (ਮੁੱਖ ਸਪਲਾਈ ਚੇਨ) ਦਾ ਪਤਾ ਲਗਾਉਣਾ ਹੈ। ਪੁਲਿਸ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਇਹ ਖੇਪਾਂ ਪੰਜਾਬ, ਹਰਿਆਣਾ, ਦਿੱਲੀ ਜਾਂ ਹਿਮਾਚਲ ਪ੍ਰਦੇਸ਼ ਰਾਹੀਂ ਆ ਰਹੀਆਂ ਹਨ ਜਾਂ ਸ਼ਹਿਰ ਦੇ ਅੰਦਰ ਹੀ ਕੋਈ ਵੱਡਾ ਗਿਰੋਹ ਆਪਣੀਆਂ ਜੜ੍ਹਾਂ ਜਮਾ ਚੁੱਕਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.