IMG-LOGO
ਹੋਮ ਪੰਜਾਬ: ਅੰਮ੍ਰਿਤਸਰ: ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਦੇ ਸਰੋਵਰ 'ਚੋਂ ਮਿਲੀ ਬਜ਼ੁਰਗ...

ਅੰਮ੍ਰਿਤਸਰ: ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਦੇ ਸਰੋਵਰ 'ਚੋਂ ਮਿਲੀ ਬਜ਼ੁਰਗ ਦੀ ਲਾਸ਼, ਡਿਪ੍ਰੈਸ਼ਨ ਤੋਂ ਸੀ ਪੀੜਤ

Admin User - Sep 20, 2026 01:07 PM
IMG

ਅੰਮ੍ਰਿਤਸਰ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਵਿਖੇ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਬਜ਼ੁਰਗ ਸ਼ਰਧਾਲੂ ਦੀ ਸਰੋਵਰ ਵਿੱਚੋਂ ਮ੍ਰਿਤਕ ਦੇਹ ਬਰਾਮਦ ਹੋਈ ਹੈ। ਮ੍ਰਿਤਕ ਦੀ ਸ਼ਨਾਖਤ 66 ਤੋਂ 68 ਸਾਲਾ ਮਨਿੰਦਰ ਸਿੰਘ ਵਜੋਂ ਹੋਈ ਹੈ, ਜੋ ਸ਼ਹਿਰ ਦੀ ਆਡੀਆ ਮਾਰਕੀਟ ਵਿੱਚ ਆਰਟੀਫਿਸ਼ਲ ਗਹਿਣਿਆਂ ਦੀ ਦੁਕਾਨ ਚਲਾਉਂਦੇ ਸਨ।


ਮਿਲੀ ਜਾਣਕਾਰੀ ਅਨੁਸਾਰ ਮਨਿੰਦਰ ਸਿੰਘ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ। ਇਸੇ ਦੌਰਾਨ ਉਹ ਕੱਪੜਿਆਂ ਸਮੇਤ ਸਰੋਵਰ ਵਿੱਚ ਉਤਰ ਗਏ, ਜਿਸ ਕਾਰਨ ਡੁੱਬਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਸੇਵਾਦਾਰਾਂ ਮੁਤਾਬਕ ਸੰਗਤ ਦੀ ਆਵਾਜਾਈ ਘੱਟ ਹੋਣ ਕਰਕੇ ਸ਼ੁਰੂਆਤ ਵਿੱਚ ਕਿਸੇ ਦਾ ਧਿਆਨ ਇਸ ਪਾਸੇ ਨਹੀਂ ਗਿਆ। ਜਦੋਂ ਮਨਿੰਦਰ ਸਿੰਘ ਕਾਫੀ ਦੇਰ ਘਰ ਨਾ ਪਰਤੇ, ਤਾਂ ਪਰਿਵਾਰਕ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ, ਜਿਸ ਤੋਂ ਬਾਅਦ ਪੂਰੀ ਘਟਨਾ ਦਾ ਪਤਾ ਲੱਗਾ।


ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਸਰੋਵਰ 'ਚ ਤਲਾਸ਼ੀ ਅਭਿਆਨ ਚਲਾਇਆ ਅਤੇ ਲਾਸ਼ ਨੂੰ ਬਾਹਰ ਕੱਢਿਆ।


ਪਰਿਵਾਰਕ ਮੈਂਬਰਾਂ ਦੇ ਹਵਾਲੇ ਨਾਲ ਸੇਵਾਦਾਰਾਂ ਨੇ ਦੱਸਿਆ ਕਿ ਮਨਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਗੰਭੀਰ ਡਿਪ੍ਰੈਸ਼ਨ (ਮਾਨਸਿਕ ਤਣਾਅ) ਦੀ ਬਿਮਾਰੀ ਤੋਂ ਪੀੜਤ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।


ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰ ਲਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਧਾਰਾ 174 ਅਧੀਨ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.