ਤਾਜਾ ਖਬਰਾਂ
ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਏਐਸਆਈ ਹਰਜੀਤ ਸਿੰਘ ਦੇ ਚਰਚਿਤ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਦੇਰ ਰਾਤ ਵੱਡੀ ਕਾਰਵਾਈ ਕਰਦਿਆਂ ਇੱਕ ਮੁਕਾਬਲੇ ਦੌਰਾਨ ਮੁੱਖ ਮੁਲਜ਼ਮ ਦੀਪਕ ਨੂੰ ਮਾਰ ਮੁਕਾਇਆ ਗਿਆ। ਪਿੰਡ ਮੁਲੇਚੱਕ ਦਾ ਰਹਿਣ ਵਾਲਾ ਦੀਪਕ ਪੁਲਿਸ ਨੂੰ ਲੋੜੀਂਦਾ ਸੀ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਸਾਹਮਣੇ ਆ ਕੇ ਘਟਨਾਕ੍ਰਮ ਅਤੇ ਆਪਣੇ ਪੁੱਤਰ ਦੀ ਜ਼ਿੰਦਗੀ ਨਾਲ ਜੁੜੀਆਂ ਪਰਤਾਂ ਖੋਲ੍ਹੀਆਂ।
ਮ੍ਰਿਤਕ ਦੀ ਮਾਂ ਭੋਲੀ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਪੁਲਿਸ ਲਗਾਤਾਰ ਉਨ੍ਹਾਂ ਦੇ ਘਰ ਛਾਪੇਮਾਰੀ ਕਰ ਰਹੀ ਸੀ ਅਤੇ ਚੱਪੇ-ਚੱਪੇ ਦੀ ਤਲਾਸ਼ੀ ਲੈ ਰਹੀ ਸੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਨੂੰ ਇਸ ਮਾਮਲੇ ਦੀ ਗੰਭੀਰਤਾ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਸੀ। ਪਰਿਵਾਰ ਨੂੰ ਸਵੇਰੇ ਅਚਾਨਕ ਹੀ ਦੀਪਕ ਦੇ ਐਨਕਾਊਂਟਰ ਵਿੱਚ ਮਾਰੇ ਜਾਣ ਦੀ ਖ਼ਬਰ ਮਿਲੀ, ਜਿਸ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਦੀਪਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਪਰਿਵਾਰ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ। ਬੀਤੀ ਸ਼ਾਮ ਹੀ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਦੀਪਕ ਦੀ ਭਾਲ ਕਰ ਰਹੇ ਹਨ।
ਪੁੱਤਰ ਦੀਆਂ ਮਾੜੀਆਂ ਆਦਤਾਂ 'ਤੇ ਦੁੱਖ ਜ਼ਾਹਰ ਕਰਦਿਆਂ ਪਿਤਾ ਨੇ ਖੁਲਾਸਾ ਕੀਤਾ ਕਿ ਦੀਪਕ ਨਸ਼ੇ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਸੀ। ਪਿਛਲੇ ਸਾਲ 27 ਸਤੰਬਰ ਨੂੰ ਉਹ ਜੇਲ੍ਹ ਗਿਆ ਸੀ ਅਤੇ 7 ਮਹੀਨੇ ਦੀ ਸਜ਼ਾ ਕੱਟਣ ਤੋਂ ਬਾਅਦ ਅੱਠਵੇਂ ਮਹੀਨੇ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ। ਹਾਲਾਂਕਿ, ਜੇਲ੍ਹ ਤੋਂ ਆਉਣ ਤੋਂ ਬਾਅਦ ਵੀ ਉਹ ਮਾੜੀ ਸੰਗਤ ਅਤੇ ਨਸ਼ੇ ਦੀ ਲਤ ਤੋਂ ਖਹਿੜਾ ਨਹੀਂ ਛੁਡਵਾ ਸਕਿਆ। ਪਿਤਾ ਨੇ ਭਰੇ ਮਨ ਨਾਲ ਦੱਸਿਆ ਕਿ ਪੁੱਤਰ ਦੀ ਇਸੇ ਲਤ ਅਤੇ ਮੁਸੀਬਤਾਂ ਕਾਰਨ ਉਨ੍ਹਾਂ ਨੂੰ ਆਪਣਾ ਘਰ ਵੀ ਸਾਢੇ ਤਿੰਨ ਲੱਖ ਰੁਪਏ ਵਿੱਚ ਗਿਰਵੀ ਰੱਖਣਾ ਪਿਆ ਸੀ।
ਸਰਹੱਦ ਪਾਰ ਜਾਂ ਅਪਰਾਧਿਕ ਨੈੱਟਵਰਕ ਨਾਲ ਦੀਪਕ ਦੇ ਸਬੰਧਾਂ ਬਾਰੇ ਪਿਤਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਉਸ ਦੇ ਅਪਰਾਧਿਕ ਸੰਪਰਕਾਂ ਬਾਰੇ ਕੋਈ ਇਲਮ ਨਹੀਂ ਸੀ। ਪਰਿਵਾਰ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਸੀ ਕਿ ਦੀਪਕ ਇੰਨੇ ਵੱਡੇ ਜੁਰਮ ਵਿੱਚ ਸ਼ਾਮਲ ਹੋ ਚੁੱਕਾ ਹੈ। ਐਨਕਾਊਂਟਰ ਦੀ ਖ਼ਬਰ ਤੋਂ ਬਾਅਦ ਪਿੰਡ ਮੁਲੇਚੱਕ 'ਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ 'ਚ ਮਾਤਮ ਛਾਇਆ ਹੋਇਆ ਹੈ।
Get all latest content delivered to your email a few times a month.