ਤਾਜਾ ਖਬਰਾਂ
ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਜੁੜੇ ਚਰਚਿਤ ਰਿਸ਼ਵਤਖੋਰੀ ਮਾਮਲੇ ਵਿੱਚ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਦੀਆਂ ਕਾਨੂੰਨੀ ਅੜਚਨਾਂ ਹੋਰ ਵਧ ਗਈਆਂ ਹਨ। ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਸ਼ਾਰਦਾ ਨੂੰ 7 ਦਿਨਾਂ ਲਈ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਈਡੀ ਵੱਲੋਂ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ, ਜਿਸ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ 7 ਦਿਨਾਂ ਦੀ ਇਜਾਜ਼ਤ ਦਿੱਤੀ। ਹੁਣ ਮੁਲਜ਼ਮ ਨੂੰ 25 ਸਤੰਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸ਼ਾਰਦਾ ਪਿਛਲੇ ਸਾਲ 16 ਅਕਤੂਬਰ ਨੂੰ ਸੀਬੀਆਈ ਵੱਲੋਂ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਪਹਿਲਾਂ ਹੀ ਨਿਆਂਇਕ ਹਿਰਾਸਤ ਵਿੱਚ ਸੀ। ਈਡੀ ਨੇ ਉਸ ਨੂੰ ਪੀਐਮਐਲਏ ਦੀ ਧਾਰਾ 4 ਤਹਿਤ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਜਾਂਚ ਏਜੰਸੀ ਅਨੁਸਾਰ ਸ਼ਾਰਦਾ ਨੇ ਡੀਆਈਜੀ ਵੱਲੋਂ ਮੰਗੀ ਗਈ 5 ਲੱਖ ਰੁਪਏ ਦੀ ਵੱਢੀ ਕਬੂਲ ਕੀਤੀ ਸੀ। ਫੋਰੈਂਸਿਕ ਜਾਂਚ ਦੌਰਾਨ ਦੋਵਾਂ ਵਿਚਾਲੇ ਹੋਈ ਵਟਸਐਪ ਚੈਟਿੰਗ ਦੇ ਅਹਿਮ ਸਬੂਤ ਵੀ ਹੱਥ ਲੱਗੇ ਹਨ।
ਈਡੀ ਨੇ ਅਦਾਲਤ ਨੂੰ ਦੱਸਿਆ ਕਿ ਛਾਪੇਮਾਰੀ ਦੌਰਾਨ ਸ਼ਾਰਦਾ ਦੇ ਘਰੋਂ 8.35 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਵੱਖ-ਵੱਖ ਬੈਂਕਾਂ, ਡਾਕਘਰਾਂ ਅਤੇ ਨਿਵੇਸ਼ਾਂ ਵਿੱਚੋਂ 1.41 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਪਤਾ ਲੱਗਿਆ ਹੈ। ਇਸ ਤੋਂ ਪਹਿਲਾਂ ਸੀਬੀਆਈ ਨੇ ਵੀ ਜਾਂਚ ਦੌਰਾਨ 21 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਏਜੰਸੀ ਮੁਤਾਬਕ ਇਸ ਮਨੀ ਲਾਂਡਰਿੰਗ ਦੇ ਤਾਰ ਹੋਰ ਕਿਹੜੇ-ਕਿਹੜੇ ਵੱਡੇ ਅਧਿਕਾਰੀਆਂ ਨਾਲ ਜੁੜੇ ਹਨ ਅਤੇ ਇਸ ਕਾਲੀ ਕਮਾਈ ਦਾ ਅਸਲ ਸਰੋਤ ਕੀ ਹੈ, ਇਸ ਦਾ ਖੁਲਾਸਾ ਪੁੱਛਗਿੱਛ ਦੌਰਾਨ ਕੀਤਾ ਜਾਵੇਗਾ।
Get all latest content delivered to your email a few times a month.