ਤਾਜਾ ਖਬਰਾਂ
ਸ਼ਹਿਰ ਦੇ ਵਿਅਸਤ ਕੰਪਨੀ ਬਾਗ ਚੌਕ (ਸ਼੍ਰੀ ਰਾਮ ਚੌਕ) ਵਿਖੇ ਸ਼ਨੀਵਾਰ ਨੂੰ ਉਸ ਵੇਲੇ ਹਾਸੋਹੀਣੀ ਅਤੇ ਨਮੋਸ਼ੀ ਭਰੀ ਸਥਿਤੀ ਬਣ ਗਈ, ਜਦੋਂ ਕੇਂਦਰ ਦੀਆਂ ਆਰਥਿਕ ਨੀਤੀਆਂ ਅਤੇ ਡਿਜੀਟਲ ਭੁਗਤਾਨ ਪ੍ਰਣਾਲੀ (UPI) 'ਤੇ ਲਗਾਏ ਟੈਕਸ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਵਰਕਰਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਣ ਸਮੇਂ ਆਪਣਾ ਹੀ ਪਾਰਟੀ ਝੰਡਾ ਸੜ ਕੇ ਸੁਆਹ ਹੋ ਗਿਆ। ਇਸ ਭੰਬਲਭੂਸੇ ਵਿੱਚ ਕੁਝ ਵਰਕਰ ਕੇਂਦਰ ਦੀ ਬਜਾਏ ਅਣਜਾਣੇ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਹੀ ਨਾਅਰੇਬਾਜ਼ੀ ਕਰਨ ਲੱਗ ਪਏ।
ਸਾਬਕਾ ਵਿਧਾਇਕ ਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ ਅਤੇ ਕੌਂਸਲਰ ਸ਼ੈਰੀ ਚੱਢਾ ਦੀ ਅਗਵਾਈ ਹੇਠ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਜਿਵੇਂ ਹੀ ਪੁਤਲੇ ਨੂੰ ਅੱਗ ਲਗਾਈ, ਤਾਂ ਭਾਂਬੜ ਮਚਣ ਕਾਰਨ ਵਰਕਰਾਂ ਦਾ ਸੰਤੁਲਨ ਵਿਗੜ ਗਿਆ। ਇਸੇ ਹਫ਼ੜਾ-ਦਫ਼ੜੀ ਵਿੱਚ ਨਜ਼ਦੀਕ ਲਹਿਰਾ ਰਿਹਾ ਕਾਂਗਰਸ ਦਾ ਝੰਡਾ ਵੀ ਅੱਗ ਦੀ ਲਪੇਟ ਵਿੱਚ ਆ ਗਿਆ। ਹਾਲਾਂਕਿ ਆਗੂਆਂ ਨੇ ਸਥਿਤੀ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਤਸਵੀਰਾਂ ਮੌਕੇ 'ਤੇ ਮੌਜੂਦ ਕੈਮਰਿਆਂ ਵਿੱਚ ਕੈਦ ਹੋ ਚੁੱਕੀਆਂ ਸਨ।
ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਿੰਦਰ ਬੇਰੀ ਨੇ ਯੂਪੀਆਈ ਲੈਣ-ਦੇਣ 'ਤੇ ਲਗਾਏ ਟੈਕਸ ਨੂੰ 'ਮੋਦੀ ਟੈਕਸ' ਗਰਦਾਨਿਆ। ਉਨ੍ਹਾਂ ਕਿਹਾ, "ਪਹਿਲਾਂ ਕੇਂਦਰ ਸਰਕਾਰ ਨੇ ਲੋਕਾਂ ਨੂੰ ਡਿਜੀਟਲ ਲੈਣ-ਦੇਣ ਲਈ ਮਜਬੂਰ ਕੀਤਾ ਅਤੇ ਹੁਣ ਜਦੋਂ ਆਮ ਨਾਗਰਿਕ, ਛੋਟੇ ਵਪਾਰੀ ਤੇ ਨੌਜਵਾਨ ਇਸ ਦੇ ਆਦੀ ਹੋ ਚੁੱਕੇ ਹਨ, ਤਾਂ ਪ੍ਰਧਾਨ ਮੰਤਰੀ ਨੇ ਆਪਣੇ ਜਨਮਦਿਨ 'ਤੇ ਇਹ ਅਣਚਾਹਿਆ ਬੋਝ ਥੋਪ ਕੇ ਲੋਕਾਂ ਦੀਆਂ ਜੇਬਾਂ ਕੱਟਣ ਦਾ ਕੰਮ ਕੀਤਾ ਹੈ।" ਕਾਂਗਰਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਆਰਥਿਕ ਬੋਝ ਤੁਰੰਤ ਵਾਪਸ ਨਾ ਲਿਆ ਗਿਆ, ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
Get all latest content delivered to your email a few times a month.