ਤਾਜਾ ਖਬਰਾਂ
ਸਾਬਕਾ ਕੈਨੇਡੀਅਨ ਓਲੰਪਿਕ ਅਥਲੀਟ ਰਿਆਨ ਵੈਡਿੰਗ ਦੇ ਖ਼ਤਰਨਾਕ ਅੰਤਰਰਾਸ਼ਟਰੀ ਨਾਰਕੋ ਕਾਰਟੈਲ ਨਾਲ ਜੁੜੇ ਇੱਕ ਵੱਡੇ ਨਸ਼ਾ ਤਸਕਰੀ ਮਾਮਲੇ ਵਿੱਚ ਅਮਰੀਕਾ ਦੀ ਸੰਘੀ ਅਦਾਲਤ ਨੇ ਓਂਟਾਰੀਓ ਦੇ ਬਰੈਂਪਟਨ ਨਾਲ ਸਬੰਧਤ ਪੰਜਾਬੀ ਟਰੱਕ ਡਰਾਈਵਰ ਇਕਬਾਲ ਸਿੰਘ ਵਿਰਕ ਨੂੰ 9 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਤਿ-ਸੰਵੇਦਨਸ਼ੀਲਤਾ ਅਤੇ ਸੁਰੱਖਿਆ ਕਾਰਨਾਂ ਕਰਕੇ ਅਮਰੀਕੀ ਜੱਜ ਸ਼ੈਰੀਲਿਨ ਪੀਸ ਗਾਰਨੇਟ ਵੱਲੋਂ ਇਸ ਮਾਮਲੇ ਦੀ ਅਦਾਲਤੀ ਸੁਣਵਾਈ ਬੇਹੱਦ ਖ਼ੁਫ਼ੀਆ ਤਰੀਕੇ ਨਾਲ ਮੁਕੰਮਲ ਕੀਤੀ ਗਈ, ਕਿਉਂਕਿ ਜਾਂਚ ਵਿੱਚ ਮਦਦ ਕਰ ਰਹੇ ਇੱਕ ਅਹਿਮ ਸਰਕਾਰੀ ਗਵਾਹ ਦਾ ਪਹਿਲਾਂ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ., ਜੋ ਰਿਆਨ ਵੈਡਿੰਗ ਨੂੰ 'ਅੱਜ ਦੇ ਦੌਰ ਦਾ ਪਾਬਲੋ ਐਸਕੋਬਾਰ' ਮੰਨਦੀ ਹੈ, ਕਾਫ਼ੀ ਸਮੇਂ ਤੋਂ ਇਸ ਗਿਰੋਹ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀ ਸੀ। ਕੋਲੰਬੀਆ, ਮੈਕਸੀਕੋ ਅਤੇ ਅਮਰੀਕਾ ਰਾਹੀਂ ਕੈਨੇਡਾ ਤੱਕ ਚੱਲ ਰਹੇ ਇਸ ਨੈੱਟਵਰਕ ਨੂੰ ਬੇਨਕਾਬ ਕਰਨ ਲਈ ਏਜੰਸੀ ਨੇ ਆਪਣੇ ਗੁਪਤ ਏਜੰਟ ਤਾਇਨਾਤ ਕੀਤੇ ਹੋਏ ਸਨ। 28 ਅਗਸਤ 2024 ਨੂੰ ਜਦੋਂ 58 ਸਾਲਾ ਇਕਬਾਲ ਸਿੰਘ ਵਿਰਕ ਆਪਣੇ ਸਾਥੀ ਰਣਜੀਤ ਸਿੰਘ ਰੋਵਾਲ ਨਾਲ ਅੰਤਰਰਾਸ਼ਟਰੀ ਬਲੂ ਵਾਟਰ ਬ੍ਰਿਜ ਨੇੜੇ ਅਮਰੀਕੀ ਕਸਟਮ ਪੋਸਟ 'ਤੇ ਪਹੁੰਚਿਆ, ਤਾਂ ਐੱਫ.ਬੀ.ਆਈ. ਨੇ ਉਨ੍ਹਾਂ ਨੂੰ ਘੇਰ ਕੇ ਗ੍ਰਿਫ਼ਤਾਰ ਕਰ ਲਿਆ। ਟਰੱਕ ਦੇ ਗੁਪਤ ਚੈਂਬਰ ਵਿੱਚੋਂ 124 ਕਿੱਲੋ ਕੋਕੀਨ ਬਰਾਮਦ ਹੋਈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਭਗ 33 ਕਰੋੜ ਭਾਰਤੀ ਰੁਪਏ ਦੱਸੀ ਜਾ ਰਹੀ ਹੈ।
ਲਾਸ ਏਂਜਲਸ ਦੀ ਅਦਾਲਤ ਵਿੱਚ ਇਕਬਾਲ ਸਿੰਘ ਵਿਰਕ ਵੱਲੋਂ ਕਮਰਸ਼ੀਅਲ ਟਰੱਕ ਰਾਹੀਂ ਨਸ਼ੇ ਦੀਆਂ ਖੇਪਾਂ ਪਹੁੰਚਾਉਣ ਦਾ ਗੁਨਾਹ ਕਬੂਲ ਕਰਨ ਤੋਂ ਬਾਅਦ ਉਸ ਨੂੰ 9 ਸਾਲ ਦੀ ਸਜ਼ਾ ਸੁਣਾਈ ਗਈ, ਜਦਕਿ ਉਸ ਦੇ ਸਾਥੀ ਰਣਜੀਤ ਸਿੰਘ ਰੋਵਾਲ ਨੂੰ 37 ਮਹੀਨੇ ਦੀ ਜੇਲ੍ਹ ਮਿਲੀ ਹੈ। ਕਾਨੂੰਨੀ ਮਾਹਿਰਾਂ ਅਨੁਸਾਰ ਦੋਸ਼ ਕਬੂਲਣ ਕਰਕੇ ਉਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਘਟ ਗਈ ਹੈ। ਕੈਨੇਡਾ ਦੇ ਪੱਕੇ ਵਸਨੀਕ ਅਤੇ ਭਾਰਤੀ ਨਾਗਰਿਕ ਹੋਣ ਕਰਕੇ ਅਮਰੀਕੀ ਕਾਨੂੰਨ ਤਹਿਤ ਜੇਲ੍ਹ ਦੀ ਮਿਆਦ ਪੂਰੀ ਹੁੰਦਿਆਂ ਹੀ ਵਿਰਕ ਨੂੰ ਕੈਨੇਡਾ ਭੇਜਣ ਦੀ ਬਜਾਏ ਸਿੱਧਾ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ, ਜਦਕਿ ਨੈੱਟਵਰਕ ਦਾ ਮੁੱਖ ਸਰਗਨਾ ਰਿਆਨ ਵੈਡਿੰਗ ਮੈਕਸੀਕੋ ਤੋਂ ਗ੍ਰਿਫ਼ਤਾਰੀ ਤੋਂ ਬਾਅਦ ਪਹਿਲਾਂ ਹੀ ਅਮਰੀਕੀ ਜੇਲ੍ਹ ਵਿੱਚ ਬੰਦ ਹੈ।
Get all latest content delivered to your email a few times a month.