ਤਾਜਾ ਖਬਰਾਂ
ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਇਲਾਕੇ ਖਮਾਣੋਂ ਵਿੱਚ ਪੁਲਿਸ ਅਤੇ ਫਿਰੌਤੀ ਮੰਗਣ ਵਾਲੇ ਗੈਂਗ ਦੇ ਬਦਮਾਸ਼ਾਂ ਵਿਚਾਲੇ ਹੋਏ ਜ਼ਬਰਦਸਤ ਮੁਕਾਬਲੇ ਤੋਂ ਬਾਅਦ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੋਲੀਬਾਰੀ ਦੌਰਾਨ ਇੱਕ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ, ਜਦਕਿ ਦੂਜਾ ਕੰਧ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਵਿੱਚ ਜ਼ਖਮੀ ਹੋ ਗਿਆ। ਇਸ ਘਟਨਾ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ। ਤਿੰਨਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਜੀਤ ਅਤੇ ਅਮਨਪ੍ਰੀਤ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਸਥਾਨਕ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਫੋਨ ਕਰਕੇ ਡਰਾਉਂਦੇ-ਧਮਕਾਉਂਦੇ ਸਨ ਅਤੇ ਮੋਟੀ ਫਿਰੌਤੀ ਦੀ ਮੰਗ ਕਰਦੇ ਸਨ। ਪੁਲਿਸ ਅਨੁਸਾਰ 13 ਸਤੰਬਰ ਨੂੰ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਧਮਕੀ ਭਰੇ ਫੋਨ ਕਰਨ ਲਈ ਵਿਦੇਸ਼ੀ ਵਰਚੁਅਲ ਨੰਬਰਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਤਕਨੀਕੀ ਜਾਂਚ ਦੇ ਆਧਾਰ 'ਤੇ ਪੁਲਿਸ ਟੀਮ ਨੇ ਦੋਵਾਂ ਤੱਕ ਪਹੁੰਚ ਬਣਾਈ।
ਪੁਲਿਸ ਟੀਮ ਦੋਵਾਂ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਹਥਿਆਰ ਬਰਾਮਦ ਕਰਨ ਲਈ ਪਿੰਡ ਸੰਘੋਲ ਦੇ ਇੱਕ ਭੱਠੇ 'ਤੇ ਪਹੁੰਚੀ ਸੀ। ਉੱਥੇ ਲੁਕਾਇਆ ਹੋਇਆ 12 ਬੋਰ ਦਾ ਦੇਸੀ ਪਿਸਤੌਲ ਕੱਢਦੇ ਹੀ ਮੁਲਜ਼ਮ ਅਜੀਤ ਨੇ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਆਤਮ-ਰੱਖਿਆ ਵਿੱਚ ਕੀਤੀ ਜਵਾਬੀ ਫਾਇਰਿੰਗ ਵਿੱਚ ਅਜੀਤ ਦੀ ਲੱਤ 'ਚ ਗੋਲੀ ਲੱਗੀ। ਮੌਕੇ ਤੋਂ ਭੱਜਣ ਚੱਕਰ 'ਚ ਅਮਨਪ੍ਰੀਤ ਉੱਚੀ ਕੰਧ ਤੋਂ ਡਿੱਗ ਕੇ ਜ਼ਖਮੀ ਹੋ ਗਿਆ।
ਪੁਲਿਸ ਨੇ ਮੌਕੇ ਤੋਂ ਅਸਲਾ ਜ਼ਬਤ ਕਰ ਲਿਆ ਹੈ ਅਤੇ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ।
Get all latest content delivered to your email a few times a month.