ਤਾਜਾ ਖਬਰਾਂ
ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਪਿੰਡ ਭਾਈ ਰੂਪਾ ਦੀ 20 ਸਾਲਾ ਹਾਕੀ ਖਿਡਾਰਨ ਸੁਖਵੀਰ ਕੌਰ ਨਾਲ ਮੁਲਾਕਾਤ ਕਰਕੇ ਜੂਨੀਅਰ ਏਸ਼ੀਆ ਕੱਪ-2026 ਵਿੱਚ ਸੋਨ ਤਮਗਾ ਜਿੱਤਣ ਲਈ ਵਧਾਈ ਦਿੱਤੀ। ਚੀਨ ਵਿੱਚ ਹੋਏ ਏਸ਼ੀਅਨ ਹਾਕੀ ਫੈਡਰੇਸ਼ਨ ਮਹਿਲਾ ਜੂਨੀਅਰ ਏਸ਼ੀਆ ਕੱਪ ਵਿੱਚ ਸੁਖਵੀਰ ਨੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਭਾਰਤੀ ਟੀਮ ਵਿੱਚ ਥਾਂ ਬਣਾਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੁਖਵੀਰ ਦੀ ਮਿਹਨਤ ਅਤੇ ਦ੍ਰਿੜ੍ਹ ਇਰਾਦਾ ਹੋਰ ਨੌਜਵਾਨਾਂ ਲਈ ਪ੍ਰੇਰਣਾ ਹੈ। ਉਨ੍ਹਾਂ ਉਸ ਨੂੰ ਭਵਿੱਖ ਵਿੱਚ ਵੀ ਬਿਹਤਰ ਪ੍ਰਦਰਸ਼ਨ ਕਰਨ ਅਤੇ ਸਫ਼ਲਤਾ ਦੇ ਬਾਵਜੂਦ ਨਿਮਰਤਾ ਬਣਾਈ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਸੁਖਵੀਰ ਪੰਜਾਬ ਦੀ ਇਕਲੌਤੀ ਮਹਿਲਾ ਖਿਡਾਰਨ ਹੈ, ਜੋ ਇਸ ਟੀਮ ਦਾ ਹਿੱਸਾ ਬਣੀ।
ਸੁਖਵੀਰ ਨੇ 9 ਸਾਲ ਦੀ ਉਮਰ ਵਿੱਚ ਖੇਡਾਂ ਦੀ ਸ਼ੁਰੂਆਤ ਅਥਲੈਟਿਕਸ ਰਾਹੀਂ ਕੀਤੀ ਸੀ। ਬਾਅਦ ਵਿੱਚ ਖੇਡ ਵਿਭਾਗ ਦੇ ਟਰਾਇਲਾਂ ਦੌਰਾਨ ਹਾਕੀ ਨਾਲ ਜੁੜਨ ਤੋਂ ਬਾਅਦ ਉਸ ਨੇ ਲਗਾਤਾਰ ਮਿਹਨਤ ਕੀਤੀ ਅਤੇ ਹੁਣ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਵਿੱਚ ਖੇਡ ਰਹੀ ਹੈ। ਇਸ ਵੇਲੇ ਉਹ ਉੜੀਸ਼ਾ ਵਿੱਚ ਸਿਖਲਾਈ ਲੈ ਰਹੀ ਹੈ।
ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਅਥਲੈਟਿਕਸ ਦੀ ਸਿਖਲਾਈ ਨੇ ਸੁਖਵੀਰ ਦੀ ਸਹਿਣਸ਼ਕਤੀ ਅਤੇ ਫੁੱਟਵਰਕ ਨੂੰ ਮਜ਼ਬੂਤ ਕੀਤਾ, ਜਿਸ ਦਾ ਲਾਭ ਉਸ ਨੂੰ ਹਾਕੀ ਵਿੱਚ ਮਿਲਿਆ।
ਇਸ ਮੌਕੇ DC ਨੇ ਸੁਖਵੀਰ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਈ ਰੂਪਾ ਵਿੱਚ ਖੇਡ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਕਦਮ ਚੁੱਕੇ ਜਾਣਗੇ। ਉਨ੍ਹਾਂ ਮਹਿਲਾ ਖਿਡਾਰਨਾਂ ਲਈ ਅਭਿਆਸ ਸਥਾਨਾਂ ’ਤੇ ਢੁਕਵੇਂ ਪਖਾਨਿਆਂ ਦੀ ਸਹੂਲਤ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।
Get all latest content delivered to your email a few times a month.