ਤਾਜਾ ਖਬਰਾਂ
ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਵਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਯਾਤਰਾ ਦੀ ਸ਼ੁਰੂਆਤ ਸਮੇਂ ਹੀ ਸਿਆਸੀ ਮਾਹੌਲ ਗਰਮਾ ਗਿਆ ਹੈ। ਪਠਾਨਕੋਟ ਵਿੱਚ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਤੋਂ ਜਾ ਰਹੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕਾਫ਼ਲੇ 'ਤੇ ਬਟਾਲਾ ਨੇੜੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਕਾਫ਼ਲੇ ਨੂੰ ਘੇਰ ਕੇ ਆਂਡੇ, ਟਮਾਟਰ ਅਤੇ ਪੱਥਰ ਬਰਸਾਏ, ਜਿਸ ਨਾਲ ਬੁਰਜੀ ਪੁਲਿਸ ਦੀਆਂ ਜਿਪਸੀਆਂ ਸਮੇਤ ਕਈ ਗੱਡੀਆਂ ਦੇ ਸ਼ੀਸ਼ੇ ਤਿੜਕ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ।
ਘਟਨਾ ਤੋਂ ਤੁਰੰਤ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਦੋਸ਼ ਲਾਇਆ ਕਿ ਇਹ ਹਮਲਾ ਆਮ ਆਦਮੀ ਪਾਰਟੀ (ਆਪ) ਦੇ ਲਗਭਗ 100 ਦੇ ਕਰੀਬ ਸਮਰਥਕਾਂ ਵਲੋਂ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਮਲਾਵਰਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਬਿੱਟੂ ਅਨੁਸਾਰ ਉਨ੍ਹਾਂ ਨੇ ਖ਼ੁਦ ਹਿੰਮਤ ਦਿਖਾਉਂਦਿਆਂ ਦੋ ਹਮਲਾਵਰਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ।
ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ ਬਿੱਟੂ ਨੇ ਕਿਹਾ, "ਮੈਂ ਸ਼ਹੀਦ ਬੇਅੰਤ ਸਿੰਘ ਦਾ ਪੋਤਾ ਹਾਂ, ਅਸੀਂ ਅਜਿਹੇ ਡਰਾਵਿਆਂ ਜਾਂ ਬੰਬ-ਗੋਲੀਆਂ ਤੋਂ ਡਰਨ ਵਾਲੇ ਨਹੀਂ ਹਾਂ। ਇਹ ਹਮਲਾ ਸਾਨੂੰ ਨਸ਼ਾ ਵਿਰੋਧੀ ਮੁਹਿੰਮ ਤੋਂ ਪਿੱਛੇ ਹਟਾਉਣ ਲਈ ਕੀਤਾ ਗਿਆ ਹੈ।"
ਮੌਕੇ 'ਤੇ ਪੁਲਿਸ ਪ੍ਰਸ਼ਾਸਨ ਦੀ ਸੁਸਤ ਕਾਰਵਾਈ ਤੋਂ ਨਾਰਾਜ਼ ਰਵਨੀਤ ਬਿੱਟੂ ਨੇ ਘਟਨਾ ਸਥਾਨ 'ਤੇ ਹੀ ਧਰਨਾ ਲਗਾ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿੰਨਾ ਚਿਰ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਉਹ ਉੱਥੋਂ ਨਹੀਂ ਉੱਠਣਗੇ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਐੱਸ.ਐੱਸ.ਪੀ. ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ, ਨਹੀਂ ਤਾਂ ਡੀ.ਜੀ.ਪੀ. ਪੰਜਾਬ ਨੂੰ ਖ਼ੁਦ ਇਸ ਮਾਮਲੇ ਦਾ ਸੰਗਿਆਨ ਲੈਣਾ ਪਵੇਗਾ।
ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਟਾਲਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
Get all latest content delivered to your email a few times a month.