ਤਾਜਾ ਖਬਰਾਂ
ਸੂਬੇ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਜ਼ਮੀਨੀ ਪੱਧਰ 'ਤੇ ਆਪਣੀ ਚੋਣ ਸਰਗਰਮੀ ਨੂੰ ਤੇਜ਼ ਕਰਨ ਦਾ ਪੂਰਾ ਖਾਕਾ ਤਿਆਰ ਕਰ ਲਿਆ ਹੈ। ਪਾਰਟੀ ਵੱਲੋਂ 19 ਸਤੰਬਰ ਨੂੰ ਰਸਮੀ ਐਲਾਨ ਤੋਂ ਬਾਅਦ 20 ਸਤੰਬਰ ਤੋਂ ਪੂਰੇ ਪੰਜਾਬ ਵਿੱਚ ਮਹੀਨਾ ਭਰ ਚੱਲਣ ਵਾਲੀ ਵਿਸ਼ਾਲ 'ਡੋਰ-ਟੂ-ਡੋਰ' ਪ੍ਰਚਾਰ ਮੁਹਿੰਮ ਵਿੱਢੀ ਜਾਵੇਗੀ। ਇਸ ਮੁਹਿੰਮ ਦਾ ਆਗਾਜ਼ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਚੋਣ ਪੈਂਫ਼ਲੇਟ ਜਾਰੀ ਕਰਕੇ ਕਰਨਗੇ, ਜਦਕਿ ਅਗਲੇ ਹੀ ਦਿਨ ਉਹ ਆਪਣੇ ਵਿਧਾਨ ਸਭਾ ਹਲਕੇ ਧੂਰੀ ਤੋਂ ਘਰ-ਘਰ ਜਾ ਕੇ ਪ੍ਰਚਾਰ ਦੀ ਵਾਗਡੋਰ ਸੰਭਾਲਣਗੇ।
ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਸੂਬੇ ਦੇ 25,332 ਪੋਲਿੰਗ ਬੂਥਾਂ 'ਤੇ ਪਾਰਟੀ ਦੇ 2.68 ਲੱਖ ਤੋਂ ਵੱਧ ਕਾਰਕੁੰਨ ਇੱਕ ਮਹੀਨੇ ਤੱਕ ਹਰ ਪਰਿਵਾਰ ਤੱਕ ਪਹੁੰਚ ਕਰਨਗੇ। ਇਸ ਦੌਰਾਨ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਲੇਖਾ-ਜੋਖਾ ਜਨਤਾ ਸਾਹਮਣੇ ਰੱਖਿਆ ਜਾਵੇਗਾ ਅਤੇ ਨਾਲ ਹੀ ਇੱਕ ਵਿਆਪਕ ਮੈਂਬਰਸ਼ਿਪ ਮੁਹਿੰਮ ਵੀ ਚਲਾਈ ਜਾਵੇਗੀ। ਸਿਸੋਦੀਆ ਨੇ ਦਾਅਵਾ ਕੀਤਾ ਕਿ ਮਾਨ ਸਰਕਾਰ ਦੀਆਂ ਮੁਫ਼ਤ ਸਹੂਲਤਾਂ ਤੇ ਨੀਤੀਆਂ ਸਦਕਾ ਹਰ ਪਰਿਵਾਰ ਨੂੰ ਸਾਲਾਨਾ ਲਗਭਗ 1.82 ਲੱਖ ਰੁਪਏ (15,000 ਰੁਪਏ ਪ੍ਰਤੀ ਮਹੀਨਾ) ਦਾ ਸਿੱਧਾ ਵਿੱਤੀ ਲਾਭ ਮਿਲ ਰਿਹਾ ਹੈ।
ਇਸੇ ਦੌਰਾਨ ਆਪ ਆਗੂਆਂ ਨੇ ਵਿਰੋਧੀ ਧਿਰਾਂ 'ਤੇ ਤਿੱਖੇ ਰਾਜਨੀਤਿਕ ਹਮਲੇ ਬੋਲੇ। ਸਿਸੋਦੀਆ ਨੇ ਅਕਾਲੀ-ਭਾਜਪਾ ਅਤੇ ਕਾਂਗਰਸ 'ਤੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ 'ਚ ਧੱਕਣ ਦੇ ਦੋਸ਼ ਲਾਉਂਦਿਆਂ ਖ਼ੁਲਾਸਾ ਕੀਤਾ ਕਿ ਸੂਬੇ 'ਚ ਵਿਕਣ ਵਾਲੇ ਨਸ਼ੇ ਦਾ 80 ਫ਼ੀਸਦੀ ਹਿੱਸਾ ਭਾਜਪਾ ਸ਼ਾਸਿਤ ਰਾਜਾਂ ਤੋਂ ਆ ਰਿਹਾ ਹੈ। ਦੂਜੇ ਪਾਸੇ, ਸੂਬਾ ਪ੍ਰਧਾਨ ਅਮਨ ਅਰੋੜਾ ਨੇ ਭਾਜਪਾ ਨੂੰ ਪਹਿਲਾਂ ਹਰਿਆਣਾ ਤੇ ਗੁਜਰਾਤ ਵਿੱਚ ਨਸ਼ਾ ਬੰਦ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅੰਦਰੂਨੀ ਸਪਲਾਈ ਚੇਨ ਤੋੜ ਦਿੱਤੀ ਗਈ ਹੈ ਅਤੇ ਮਾਨ ਸਰਕਾਰ ਦੇ ਯਤਨਾਂ ਨਾਲ 2027 'ਚ ਜਨਤਾ ਮੁੜ 'ਆਪ' ਦੀ ਬਹੁਮਤ ਵਾਲੀ ਸਰਕਾਰ ਬਣਾਏਗੀ।
Get all latest content delivered to your email a few times a month.