ਤਾਜਾ ਖਬਰਾਂ
ਗੁਰੂ ਨਗਰੀ ਅੰਮ੍ਰਿਤਸਰ ਵਿੱਚ ਲਗਾਤਾਰ ਵਾਪਰੀਆਂ ਗੋਲੀਬਾਰੀ ਦੀਆਂ ਦੋ ਵੱਖ-ਵੱਖ ਵਾਰਦਾਤਾਂ ਨੇ ਕਾਨੂੰਨ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਅਣਪਛਾਤੇ ਹਮਲਾਵਰਾਂ ਨੇ ਪੰਜਾਬ ਪੁਲਿਸ ਦੇ ਇੱਕ ਏਐਸਆਈ (ASI) ਅਤੇ ਇੱਕ ਜ਼ੋਮੈਟੋ ਡਿਲੀਵਰੀ ਬੁਆਏ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕੁਝ ਹੀ ਘੰਟਿਆਂ ਦੇ ਫਰਕ ਨਾਲ ਹੋਏ ਇਹਨਾਂ ਦੋਹਰੇ ਕਤਲਾਂ ਤੋਂ ਬਾਅਦ ਸ਼ਹਿਰ ਨਿਵਾਸੀਆਂ ਵਿੱਚ ਖੌਫ ਦਾ ਮਾਹੌਲ ਹੈ।
ਪਹਿਲੀ ਘਟਨਾ ਵੀਰਵਾਰ ਰਾਤ ਲਗਭਗ 10:50 ਵਜੇ ਇਸਲਾਮਾਬਾਦ ਥਾਣੇ ਅਧੀਨ ਪੈਂਦੀ ਕੋਟ ਖਾਲਸਾ ਪੁਲਿਸ ਚੌਂਕੀ ਦੇ ਬਿਲਕੁਲ ਨਜ਼ਦੀਕ ਵਾਪਰੀ। ਪ੍ਰਤੱਖਦਰਸ਼ੀਆਂ ਮੁਤਾਬਕ ਐਕਟਿਵਾ 'ਤੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ 25 ਸਾਲਾ ਸਾਹਿਲ ਗਿੱਲ 'ਤੇ ਦੋ ਰੌਂਦ ਫਾਇਰ ਕੀਤੇ। ਇੱਕ ਗੋਲੀ ਸਾਹਿਲ ਦੀ ਛਾਤੀ ਵਿੱਚ ਜਾ ਲੱਗੀ। ਗੰਭੀਰ ਹਾਲਤ ਵਿੱਚ ਉਸਨੂੰ ਅਮਨਦੀਪ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸਨੇ ਦਮ ਤੋੜ ਦਿੱਤਾ। ਮ੍ਰਿਤਕ ਸਾਹਿਲ ਖਾਣਾ ਡਿਲੀਵਰ ਕਰਨ ਦਾ ਕੰਮ ਕਰਦਾ ਸੀ।
ਦੂਜੀ ਖੂਨੀ ਵਾਰਦਾਤ ਰਾਤ ਕਰੀਬ 2:30 ਵਜੇ ਗੇਟ ਹਕੀਮਾਂ ਇਲਾਕੇ 'ਚ ਭਗਤਾਂਵਾਲਾ ਅਨਾਜ ਮੰਡੀ ਦੇ ਨੇੜੇ ਵਾਪਰੀ। ਤਰਨਤਾਰਨ ਦੇ ਰਹਿਣ ਵਾਲੇ ASI ਹਰਜੀਤ ਸਿੰਘ ਡਿਊਟੀ 'ਤੇ ਸਨ, ਜਦੋਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ASI ਨੂੰ ਤਿੰਨ ਗੋਲੀਆਂ ਲੱਗੀਆਂ। ਰਾਹਗੀਰਾਂ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜ਼ਿਲ੍ਹੇ ਵਿੱਚ ਪੁਲਿਸ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਇਸ ਤੋਂ ਪਹਿਲਾਂ ਮਜੀਠਾ ਵਿੱਚ ਵੀ ASI ਜੋਗਾ ਸਿੰਘ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ।
ਰਾਜਾਸਾਂਸੀ ਖੇਤਰ ਵਿੱਚ ASI ਜਸਵੰਤ ਸਿੰਘ 'ਤੇ ਵੀ ਜਾਨਲੇਵਾ ਹਮਲਾ ਹੋਇਆ ਸੀ, ਜਿਸ ਵਿੱਚ ਉਹ ਵਾਲ-ਵਾਲ ਬਚ ਗਏ ਸਨ।
ਇਹਨਾਂ ਘਟਨਾਵਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ 'ਚ ਭਾਜੜ ਮਚ ਗਈ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਜਲਦ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Get all latest content delivered to your email a few times a month.