ਤਾਜਾ ਖਬਰਾਂ
ਚੰਡੀਗੜ੍ਹ ਦੇ ਸਰਹੱਦੀ ਇਲਾਕੇ ਖੁੱਡਾ ਅਲੀ ਸ਼ੇਰ ਵਿੱਚ ਲੰਘੀ 14 ਸਤੰਬਰ ਦੀ ਸ਼ਾਮ ਇੱਕ ਬੇਹੱਦ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿੱਥੇ ਸਕੂਟੀ ‘ਤੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਸ਼ਰਾਬ ਦੇ ਇੱਕ ਠੇਕੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਧਮਾਕਾਖੇਜ਼ ਵਸਤੂ ਨਾਲ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਘਟਨਾ ਸ਼ਾਮ ਕਰੀਬ 6:50 ਵਜੇ ਵਾਪਰੀ, ਜਦੋਂ ਸਕੂਟੀ 'ਤੇ ਆਏ ਦੋ ਨੌਜਵਾਨਾਂ ਵਿੱਚੋਂ ਪਿੱਛੇ ਬੈਠੇ ਸ਼ੱਕੀ ਨੇ ਠੇਕੇ ਦੀ ਸਰਵਿਸ ਖਿੜਕੀ ਰਾਹੀਂ ਅੰਦਰ ਵਿਸਫੋਟਕ ਸੁੱਟਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਹ ਵਸਤੂ ਠੇਕੇ ਦੇ ਅੰਦਰ ਡਿੱਗਣ ਦੀ ਬਜਾਏ ਬਾਹਰ ਖੜ੍ਹੇ ਗਾਹਕਾਂ ਦੇ ਪੈਰਾਂ ਕੋਲ ਆ ਡਿੱਗੀ ਅਤੇ ਕੁਝ ਹੀ ਸਕਿੰਟਾਂ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਸੁਣਦੇ ਹੀ ਇਲਾਕੇ ਵਿੱਚ ਭਗਦੜ ਮਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ, ਜਦਕਿ ਹਮਲਾਵਰ ਮੌਕੇ ਦੀ ਨਜ਼ਾਕਤ ਨੂੰ ਵੇਖਦੇ ਹੋਏ ਸਕੂਟੀ 'ਤੇ ਸਵਾਰ ਹੋ ਕੇ ਫਰਾਰ ਹੋ ਗਏ।
ਘਟਨਾ ਤੋਂ ਤੁਰੰਤ ਬਾਅਦ ਠੇਕੇ ਦੇ ਮੈਨੇਜਰ ਵੱਲੋਂ ਪੁਲਿਸ ਕੰਟਰੋਲ ਰੂਮ ਦੇ ਨੰਬਰ 112 'ਤੇ ਇਤਲਾਹ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਸੈਕਟਰ-11 ਦੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਅਤੇ ਫੋਰੈਂਸਿਕ ਜਾਂਚ ਟੀਮਾਂ ਵੱਲੋਂ ਘਟਨਾ ਸਥਾਨ ਤੋਂ ਜ਼ਰੂਰੀ ਸਬੂਤ ਅਤੇ ਧਮਾਕਾਖੇਜ਼ ਸਮੱਗਰੀ ਦੇ ਨਮੂਨੇ ਇਕੱਠੇ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲਿਸ ਆਸ-ਪਾਸ ਦੀਆਂ ਦੁਕਾਨਾਂ ਅਤੇ ਰਸਤਿਆਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਖੰਗਾਲ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਸੁੱਟੀ ਗਈ ਵਸਤੂ ਕੋਈ ਅਸਲ ਬੰਬ ਸੀ ਜਾਂ ਕੋਈ ਹੋਰ ਵਿਸਫੋਟਕ ਸਮੱਗਰੀ।
ਇਸ ਦੇ ਨਾਲ ਹੀ ਪੁਲਿਸ ਹਮਲੇ ਦੇ ਪਿੱਛੇ ਦੇ ਮਕਸਦ ਦੀ ਵੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਹਮਲਾਵਰਾਂ ਦਾ ਮਕਸਦ ਠੇਕੇ ਨੂੰ ਨੁਕਸਾਨ ਪਹੁੰਚਾਉਣਾ ਸੀ, ਕਰਮਚਾਰੀਆਂ ਤੇ ਗਾਹਕਾਂ ਵਿੱਚ ਖੌਫ਼ ਪੈਦਾ ਕਰਨਾ ਸੀ ਜਾਂ ਫਿਰ ਇਸ ਪਿੱਛੇ ਕੋਈ ਵਪਾਰਕ ਰੰਜਿਸ਼ ਜਾਂ ਫਿਰੌਤੀ ਵਰਗਾ ਅਪਰਾਧਿਕ ਕਾਰਨ ਹੈ। ਮਾਮਲੇ ਵਿੱਚ ਇੱਕ ਹੋਰ ਅਹਿਮ ਖੁਲਾਸਾ ਹੋਇਆ ਹੈ ਕਿ ਵਾਰਦਾਤ ਤੋਂ ਪੰਜ ਦਿਨ ਪਹਿਲਾਂ, ਯਾਨੀ 9 ਸਤੰਬਰ ਦੀ ਸਵੇਰ ਲਗਭਗ 11 ਵਜੇ, ਇੱਕ ਅਣਪਛਾਤੀ ਔਰਤ ਠੇਕੇ ਦੇ ਬਾਹਰ ਮੋਬਾਈਲ ਫੋਨ ਨਾਲ ਵੀਡੀਓ ਬਣਾਉਂਦੀ ਹੋਈ ਸੀਸੀਟੀਵੀ ਵਿੱਚ ਕੈਦ ਹੋਈ ਸੀ। ਪੁਲਿਸ ਹੁਣ ਇਸ ਔਰਤ ਦੀ ਸ਼ੱਕੀ ਗਤੀਵਿਧੀ ਅਤੇ ਇਸ ਧਮਾਕੇ ਵਿਚਾਲੇ ਕਿਸੇ ਸੰਭਾਵੀ ਸਬੰਧ ਦੀ ਵੀ ਡੂੰਘਾਈ ਨਾਲ ਤਫਤੀਸ਼ ਕਰ ਰਹੀ ਹੈ।
Get all latest content delivered to your email a few times a month.