ਤਾਜਾ ਖਬਰਾਂ
ਭਾਰਤੀ ਸਿਨੇਮਾ ਵਿੱਚ ਆਪਣੇ ਸ਼ਾਨਦਾਰ ਯੋਗਦਾਨ ਲਈ ਮਸ਼ਹੂਰ ਕੰਨੜ ਅਦਾਕਾਰ ਅਨੰਤ ਨਾਗ ਨੂੰ ਸਾਲ 2024 ਦਾ ਵੱਕਾਰੀ ਦਾਦਾਸਾਹਿਬ ਫਾਲਕੇ ਅਵਾਰਡ ਪ੍ਰਦਾਨ ਕੀਤਾ ਜਾਵੇਗਾ। ਭਾਰਤ ਸਰਕਾਰ ਵੱਲੋਂ 78 ਸਾਲਾ ਅਦਾਕਾਰ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਇਹ ਸਨਮਾਨ 22 ਸਤੰਬਰ 2026 ਨੂੰ ਗੁਜਰਾਤ ਦੇ ਕੇਵਡੀਆ ਵਿਖੇ ਹੋਣ ਵਾਲੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦੌਰਾਨ ਦਿੱਤਾ ਜਾਵੇਗਾ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਧੀਨ ਪ੍ਰੈਸ ਇਨਫਰਮੇਸ਼ਨ ਬਿਊਰੋ (PIB) ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਰਾਹੀਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਦਾਦਾਸਾਹਿਬ ਫਾਲਕੇ ਅਵਾਰਡ ਚੋਣ ਕਮੇਟੀ ਦੀ ਸਿਫ਼ਾਰਸ਼ ਦੇ ਆਧਾਰ ’ਤੇ ਅਨੰਤ ਨਾਗ ਨੂੰ ਇਹ ਸਨਮਾਨ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਲੰਬੇ ਅਤੇ ਮਹੱਤਵਪੂਰਨ ਯੋਗਦਾਨ ਲਈ ਦਿੱਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਨੰਤ ਨਾਗ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਬਹੁਪੱਖੀ ਅਦਾਕਾਰੀ ਅਤੇ ਕੰਨੜ ਸਿਨੇਮਾ ’ਤੇ ਪਏ ਡੂੰਘੇ ਪ੍ਰਭਾਵ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਨੰਤ ਨਾਗ ਨੇ ਆਪਣੇ ਕਿਰਦਾਰਾਂ ਵਿੱਚ ਡੂੰਘਾਈ ਅਤੇ ਅਸਲੀਅਤ ਪੈਦਾ ਕੀਤੀ ਹੈ।
4 ਸਤੰਬਰ 1948 ਨੂੰ ਜਨਮੇ ਅਨੰਤ ਨਾਗ ਨੇ ਆਪਣੇ ਫਿਲਮੀ ਕਰੀਅਰ ਵਿੱਚ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਕੰਨੜ ਤੋਂ ਇਲਾਵਾ ਉਨ੍ਹਾਂ ਨੇ ਹਿੰਦੀ, ਤਾਮਿਲ, ਤੇਲਗੂ, ਮਰਾਠੀ ਅਤੇ ਮਲਿਆਲਮ ਸਿਨੇਮਾ ਵਿੱਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਦੂਰਦਰਸ਼ਨ ਦੀ ਮਸ਼ਹੂਰ ਲੜੀਵਾਰ ‘ਮਾਲਗੁਡੀ ਡੇਜ਼’ ਤੋਂ ਉਨ੍ਹਾਂ ਨੂੰ ਵਿਆਪਕ ਪਛਾਣ ਮਿਲੀ। ਇਸ ਤੋਂ ਇਲਾਵਾ ਉਹ ‘KGF’ ਅਤੇ ‘KGF 2’ ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ। 2025 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
Get all latest content delivered to your email a few times a month.