ਤਾਜਾ ਖਬਰਾਂ
ਸੀਮਾਪਾਰ ਨਸ਼ਾ ਅਤੇ ਹਥਿਆਰ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਅੰਮ੍ਰਿਤਸਰ-ਲਾਹੌਰ ਅੰਤਰਰਾਸ਼ਟਰੀ ਮਾਰਗ 'ਤੇ ਕੀਤੀ ਗਈ ਇੱਕ ਗੁਪਤ ਕਾਰਵਾਈ ਦੌਰਾਨ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਦਬੋਚ ਕੇ ਉਨ੍ਹਾਂ ਦੇ ਕਬਜ਼ੇ 'ਚੋਂ 27 ਕਿੱਲੋ ਤੋਂ ਵੱਧ ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਸਮਰਪ੍ਰੀਤ (ਨਿਵਾਸੀ ਪਿੰਡ ਭੂਸੇ) ਤੋਂ ਇਲਾਵਾ ਵਿਸ਼ਾਲ ਅਤੇ ਸੰਨੀ (ਨਿਵਾਸੀ ਭੱਲਾ ਕਲੋਨੀ) ਵਜੋਂ ਹੋਈ ਹੈ।
ਮੁੱਢਲੀ ਪੜਤਾਲ ਵਿੱਚ ਇਸ ਗਿਰੋਹ ਦਾ ਅੰਤਰਰਾਸ਼ਟਰੀ ਲਿੰਕ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੁਬਈ ਵਿੱਚ ਬੈਠੇ 'ਕਰਨ' ਨਾਮਕ ਇੱਕ ਹੈਂਡਲਰ ਦੀ ਸ਼ਮੂਲੀਅਤ ਪਾਈ ਗਈ ਹੈ, ਜੋ ਸਰਹੱਦ ਪਾਰ ਤੋਂ ਇਸ ਖੇਪ ਦੀ ਸਪਲਾਈ ਦਾ ਪ੍ਰਬੰਧ ਕਰ ਰਿਹਾ ਸੀ। ਪੁਲਿਸ ਹੁਣ ਬਰਾਮਦ ਹੋਏ ਹਥਿਆਰਾਂ ਦੀ ਸਟੀਕ ਗਿਣਤੀ ਅਤੇ ਇਸ ਪੂਰੇ ਨੈੱਟਵਰਕ ਦੀਆਂ ਬਾਕੀ ਕੜੀਆਂ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਵੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਦੇ 3 ਨੈੱਟਵਰਕਾਂ ਦਾ ਪਰਦਾਫਾਸ਼ ਕਰਦਿਆਂ 8 ਤਸਕਰਾਂ ਨੂੰ ਕਾਬੂ ਕੀਤਾ ਸੀ। ਉਨ੍ਹਾਂ ਕੋਲੋਂ 9.549 ਕਿੱਲੋ ਹੈਰੋਇਨ, 5.459 ਕਿੱਲੋ ਅਫੀਮ ਅਤੇ ਇੱਕ .30 ਬੋਰ ਪਿਸਤੌਲ ਬਰਾਮਦ ਹੋਇਆ ਸੀ। ਪੁਲਿਸ ਮੁਤਾਬਕ ਵਿਦੇਸ਼ੀ ਤਸਕਰ ਅਕਸਰ ਡਰੋਨਾਂ ਦੀ ਵਰਤੋਂ ਕਰਕੇ ਸਰਹੱਦ ਪਾਰ ਤੋਂ ਇਹ ਖੇਪਾਂ ਭੇਜਦੇ ਹਨ। ਫਿਲਹਾਲ ਚਾਰੇ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਅਗਲੇ ਖੁਲਾਸੇ ਹੋ ਸਕਣ।
Get all latest content delivered to your email a few times a month.