ਤਾਜਾ ਖਬਰਾਂ
ਸੂਬੇ ਵਿੱਚ ਪੈ ਰਹੀ ਭਾਰੀ ਗਰਮੀ ਅਤੇ ਵਧਦੀ ਖਪਤ ਕਾਰਨ ਪੰਜਾਬ ਇਸ ਸਮੇਂ ਗੰਭੀਰ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਬਿਜਲੀ ਦੀ ਮੰਗ ਲਗਾਤਾਰ 17,000 ਮੈਗਾਵਾਟ ਤੋਂ ਉੱਪਰ ਬਣੀ ਹੋਈ ਹੈ। ਇਸੇ ਦੌਰਾਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ (ਰੋਪੜ) ਦੇ ਦੋ ਯੂਨਿਟ ਤਕਨੀਕੀ ਖਰਾਬੀ ਕਾਰਨ ਬੰਦ ਹੋਣ ਨਾਲ ਪਾਵਰਕੌਮ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ, ਜਿਸ ਕਰਕੇ ਕੇਂਦਰੀ ਪੂਲ ਤੋਂ ਮਹਿੰਗੇ ਭਾਅ ਬਿਜਲੀ ਖਰੀਦਣੀ ਪੈ ਰਹੀ ਹੈ।
ਦੂਜੇ ਪਾਸੇ, ਬਿਜਲੀ ਮੰਤਰੀ ਤਰੁਣਪ੍ਰੀਤ ਸੌਂਧ ਨੇ ਦਾਅਵਾ ਕੀਤਾ ਹੈ ਕਿ 12 ਤੋਂ 14 ਸਤੰਬਰ ਦਰਮਿਆਨ ਸੂਬੇ 'ਚ ਕੋਈ ਘੋਸ਼ਿਤ ਪਾਵਰਕੱਟ ਨਹੀਂ ਲਗਾਇਆ ਗਿਆ। ਉਨ੍ਹਾਂ ਮੁਤਾਬਕ ਰੋਪੜ ਥਰਮਲ ਪਲਾਂਟ ਦੇ 150 ਮੈਗਾਵਾਟ ਸਮਰੱਥਾ ਵਾਲੇ ਦੋ ਯੂਨਿਟ ਬੰਦ ਹੋਣ ਦੇ ਬਾਵਜੂਦ ਸਪਲਾਈ ਪ੍ਰਭਾਵਿਤ ਨਹੀਂ ਹੋਈ। ਹਾਲਾਂਕਿ, ਤਲਵੰਡੀ ਸਾਬੋ ਅਤੇ ਰਾਜਪੁਰਾ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਯੂਨਿਟ ਚਾਲੂ ਹੋਣ ਤੋਂ ਬਾਅਦ ਹੁਣ ਸਰਕਾਰੀ ਪਲਾਂਟ ਠੱਪ ਹੋਣ ਨਾਲ ਉਤਪਾਦਨ ਪ੍ਰਭਾਵਿਤ ਹੋਇਆ ਹੈ। ਰੋਪੜ ਦੇ ਬੰਦ ਹੋਏ ਯੂਨਿਟਾਂ ਦੀ ਕੁੱਲ ਸਮਰੱਥਾ 420 ਮੈਗਾਵਾਟ ਤੱਕ ਹੈ। ਫਿਲਹਾਲ ਚੱਲ ਰਹੇ ਦੋ ਬਾਕੀ ਯੂਨਿਟਾਂ ਵਿੱਚੋਂ ਇੱਕ 133 ਮੈਗਾਵਾਟ ਅਤੇ ਦੂਜਾ ਮਹਿਜ਼ 65 ਮੈਗਾਵਾਟ ਬਿਜਲੀ ਉਤਪਾਦਨ ਹੀ ਕਰ ਰਿਹਾ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਬਿਜਲੀ ਦੀ ਮੰਗ ਅਤੇ ਖਪਤ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ:
ਸਿਖਰ ਮੰਗ (Peak Demand): 13 ਸਤੰਬਰ ਤੱਕ ਮੰਗ 16,598 ਮੈਗਾਵਾਟ ਤੱਕ ਪਹੁੰਚ ਗਈ, ਜੋ ਪਿਛਲੇ ਸਾਲ ਨਾਲੋਂ 26% ਵਧ ਹੈ। ਹਾਲ ਹੀ ਵਿੱਚ ਮੰਗ 17,423 ਮੈਗਾਵਾਟ ਦੇ ਸਰਵ-ਉੱਚ ਪੱਧਰ 'ਤੇ ਪਹੁੰਚ ਗਈ।
ਕੁੱਲ ਖਪਤ: ਅਪ੍ਰੈਲ ਤੋਂ 13 ਸਤੰਬਰ ਤੱਕ ਬਿਜਲੀ ਦੀ ਖਪਤ 46,696 ਮਿਲੀਅਨ ਯੂਨਿਟ (MUs) ਰਹੀ, ਜੋ ਪਿਛਲੇ ਸਾਲ ਨਾਲੋਂ 14% ਜ਼ਿਆਦਾ ਹੈ।
ਮਹੀਨੇਵਾਰ ਵਾਧਾ: ਅਗਸਤ ਮਹੀਨੇ ਦੀ ਖਪਤ 25% ਵਾਧੇ ਨਾਲ 10,340 MU ਰਹੀ। ਸਤੰਬਰ ਦੇ ਪਹਿਲੇ 13 ਦਿਨਾਂ 'ਚ ਖਪਤ 4,237 MU ਦਰਜ ਕੀਤੀ ਗਈ, ਜੋ ਪਿਛਲੇ ਸਾਲ ਦੇ ਮੁਕਾਬਲੇ 71% ਦਾ ਵੱਡਾ ਉਛਾਲ ਦਰਸਾਉਂਦੀ ਹੈ।
Get all latest content delivered to your email a few times a month.