ਤਾਜਾ ਖਬਰਾਂ
ਜਦੋਂ ਮਹਿਲਾ ਪੁਲਿਸ ਮੁਲਾਜ਼ਮ ਨੇ ਘਰ ਦੀ ਘੰਟੀ ਵਜਾਈ ਤਾਂ ਵਿਕਰਮ ਸਿੰਘ ਨੀਂਦ ਵਿੱਚੋਂ ਉੱਠ ਕੇ ਅੱਖਾਂ ਮਲਦਾ ਹੋਇਆ ਬਾਹਰ ਆਇਆ। ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਦੇਖ ਕੇ ਉਹ ਘਬਰਾ ਗਿਆ। ਇਸ ਦੌਰਾਨ ਉਸ ਵੱਲੋਂ ਐੱਸਐੱਚਓ ਦੇ ਪੈਰ ਛੂਹਣ ਦੀ ਕੋਸ਼ਿਸ਼ ਵੀ ਕੀਤੀ ਗਈ। ਮੌਕੇ ‘ਤੇ ਮੀਡੀਆ ਦੀ ਮੌਜੂਦਗੀ ਨੂੰ ਦੇਖਦਿਆਂ ਪੁਲਿਸ ਨੇ ਉਸ ਨੂੰ ਪਿੱਛੇ ਕਰਕੇ ਹਿਰਾਸਤ ਵਿੱਚ ਲੈ ਲਿਆ ਅਤੇ ਥਾਣੇ ਭੇਜ ਦਿੱਤਾ।
ਨਗਰ ਨਿਗਮ ਅਧਿਕਾਰੀਆਂ ਮੁਤਾਬਕ ਮਿੱਠੂ ਬਸਤੀ ਦੇ ਮਕਾਨ ਨੰਬਰ 1026 ਵਿੱਚ ਵਿਕਰਮ ਸਿੰਘ ਵੱਲੋਂ ਨਾਜਾਇਜ਼ ਉਸਾਰੀ ਕੀਤੀ ਗਈ ਸੀ। ਨਿਗਮ ਵੱਲੋਂ ਪਹਿਲਾਂ ਉਸ ਨੂੰ ਕਾਨੂੰਨੀ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾ ਤਾਂ ਪਰਿਵਾਰ ਵੱਲੋਂ ਕੋਈ ਜਵਾਬ ਦਿੱਤਾ ਗਿਆ ਅਤੇ ਨਾ ਹੀ ਉਸਾਰੀ ਸਬੰਧੀ ਲੋੜੀਂਦੇ ਦਸਤਾਵੇਜ਼ ਪੇਸ਼ ਕੀਤੇ ਗਏ। ਇਸ ਤੋਂ ਬਾਅਦ ਪੁਲਿਸ ਸੁਰੱਖਿਆ ਹੇਠ ਨਾਜਾਇਜ਼ ਹਿੱਸਾ ਢਾਹੁਣ ਦੀ ਕਾਰਵਾਈ ਕੀਤੀ ਗਈ।
ਪੁਲਿਸ ਅਨੁਸਾਰ ਵਿਕਰਮ ਸਿੰਘ ਉਰਫ਼ ਲੱਕੀ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਰੀਬ 12 ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਆਬਕਾਰੀ ਐਕਟ ਦੇ ਕਈ ਕੇਸਾਂ ਤੋਂ ਇਲਾਵਾ ਲੜਾਈ-ਝਗੜੇ ਅਤੇ ਐੱਨਡੀਪੀਐੱਸ ਐਕਟ ਨਾਲ ਸਬੰਧਤ ਮਾਮਲੇ ਵੀ ਸ਼ਾਮਲ ਦੱਸੇ ਗਏ ਹਨ। ਨਿਗਮ ਦੀ ਕਾਰਵਾਈ ਦੌਰਾਨ ਕਿਸੇ ਤਰ੍ਹਾਂ ਦਾ ਵਿਘਨ ਨਾ ਪਵੇ, ਇਸ ਲਈ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
ਡੀਸੀਪੀ ਆਦਿੱਤਿਆ ਵਾਰੀਅਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਨਾਜਾਇਜ਼ ਉਸਾਰੀ ਹਟਾਉਣ ਲਈ ਪੁਲਿਸ ਸੁਰੱਖਿਆ ਮੰਗੀ ਗਈ ਸੀ। ਇਸੇ ਤਹਿਤ ਪੁਲਿਸ ਟੀਮ ਮੌਕੇ ‘ਤੇ ਤਾਇਨਾਤ ਕੀਤੀ ਗਈ। ਜਾਂਚ ਵਿੱਚ ਪਤਾ ਲੱਗਾ ਕਿ ਵਿਕਰਮ ਸਿੰਘ ਖ਼ਿਲਾਫ਼ ਕਈ ਮਾਮਲੇ ਦਰਜ ਹਨ ਅਤੇ ਉਹ ਅਦਾਲਤ ਤੋਂ ਜ਼ਮਾਨਤ ‘ਤੇ ਬਾਹਰ ਸੀ। ਅਮਨ-ਕਾਨੂੰਨ ਬਣਾਈ ਰੱਖਣ ਲਈ ਉਸ ਨੂੰ ਇਹਤਿਆਤ ਵਜੋਂ ਹਿਰਾਸਤ ਵਿੱਚ ਲਿਆ ਗਿਆ।
ਡੀਸੀਪੀ ਨੇ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਉਸ ਦੇ ਘਰ ਦੀ ਤਲਾਸ਼ੀ ਲਈ ਜਾਵੇਗੀ। ਜੇਕਰ ਤਲਾਸ਼ੀ ਦੌਰਾਨ ਕੋਈ ਇਤਰਾਜ਼ਯੋਗ ਜਾਂ ਨਸ਼ੀਲਾ ਪਦਾਰਥ ਮਿਲਦਾ ਹੈ ਤਾਂ ਉਸ ਖ਼ਿਲਾਫ਼ ਵੱਖਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਨਗਰ ਨਿਗਮ ਦੀ ਟੀਮ ਨੇ ਮਕਾਨ ਦੀ ਨਾਜਾਇਜ਼ ਉਸਾਰੀ ਵਾਲੇ ਹਿੱਸੇ ਨੂੰ ਢਾਹ ਦਿੱਤਾ।
Get all latest content delivered to your email a few times a month.