ਤਾਜਾ ਖਬਰਾਂ
ਤਰਨ ਤਾਰਨ ਪੁਲਿਸ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਦੋ ਐੱਸ.ਐੱਚ.ਓ. ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਮਾਮਲਿਆਂ ਵਿੱਚ ਇੱਕ ਮੁਲਜ਼ਮ ਨੂੰ ਤਫ਼ਤੀਸ਼ ਦੌਰਾਨ ਕਥਿਤ ਤੌਰ ’ਤੇ ਫਾਇਦਾ ਪਹੁੰਚਾਉਣ ਦੇ ਬਦਲੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਰਿਸ਼ਵਤ ਲਈ ਗਈ।
ਪੁਲਿਸ ਵੱਲੋਂ ਐੱਸ.ਆਈ. ਬਲਜਿੰਦਰ ਸਿੰਘ, ਐੱਸ.ਐੱਚ.ਓ. ਥਾਣਾ ਵਲਟੋਹਾ, ਐੱਸ.ਆਈ. ਕਿਰਪਾਲ ਸਿੰਘ, ਐੱਸ.ਐੱਚ.ਓ. ਥਾਣਾ ਕੱਚਾ ਪੱਕਾ, ਰੋਬਿਨ ਸਿੰਘ ਵਾਸੀ ਮਾੜੀ ਮੇਘਾ ਅਤੇ ਪੂਰਨ ਸਿੰਘ ਵਾਸੀ ਦਾਓਕੇ ਖ਼ਿਲਾਫ਼ ਮੁਕੱਦਮਾ ਨੰਬਰ 123 ਮਿਤੀ 13 ਸਤੰਬਰ 2026 ਦਰਜ ਕੀਤਾ ਗਿਆ ਹੈ। ਇਹ ਮਾਮਲਾ ਧਾਰਾ 7 ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਧਾਰਾ 255 ਭਾਰਤੀ ਨਿਆਂ ਸੰਹਿਤਾ ਤਹਿਤ ਥਾਣਾ ਵਲਟੋਹਾ ਵਿਖੇ ਦਰਜ ਹੋਇਆ ਹੈ।
ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਉਰਫ਼ ਗੀਤੂ ਖ਼ਿਲਾਫ਼ ਨਸ਼ਾ ਤਸਕਰੀ ਨਾਲ ਸਬੰਧਤ ਦੋ ਮਾਮਲੇ ਦਰਜ ਹਨ। ਥਾਣਾ ਵਲਟੋਹਾ ਵਿੱਚ ਦਰਜ ਮੁਕੱਦਮਾ ਨੰਬਰ 117 ਮਿਤੀ 1 ਸਤੰਬਰ 2026 ਵਿੱਚ 14 ਕਿਲੋ 110 ਗ੍ਰਾਮ ਅਫ਼ੀਮ ਬਰਾਮਦ ਹੋਣ ਦਾ ਜ਼ਿਕਰ ਹੈ। ਇਸ ਤੋਂ ਇਲਾਵਾ ਥਾਣਾ ਕੱਚਾ ਪੱਕਾ ਵਿੱਚ ਦਰਜ ਮੁਕੱਦਮਾ ਨੰਬਰ 76 ਮਿਤੀ 2 ਸਤੰਬਰ 2026 ਵਿੱਚ 2 ਕਿਲੋ ਅਫ਼ੀਮ ਬਰਾਮਦ ਹੋਈ ਸੀ।
ਪੁਲਿਸ ਨੂੰ ਮਿਲੀ ਸੂਚਨਾ ਅਨੁਸਾਰ ਐੱਸ.ਆਈ. ਬਲਜਿੰਦਰ ਸਿੰਘ ’ਤੇ ਦੋਸ਼ ਹੈ ਕਿ ਉਸ ਨੇ ਗੁਰਮੀਤ ਸਿੰਘ ਨੂੰ ਜਾਂਚ ਵਿੱਚ ਕਥਿਤ ਰਾਹਤ ਦੇਣ ਬਦਲੇ ਉਸ ਦੇ ਪਰਿਵਾਰ ਤੋਂ ਵਿਚੋਲੇ ਰੋਬਿਨ ਸਿੰਘ ਰਾਹੀਂ 3 ਲੱਖ ਰੁਪਏ ਲਏ। ਇਸੇ ਤਰ੍ਹਾਂ ਐੱਸ.ਆਈ. ਕਿਰਪਾਲ ਸਿੰਘ ’ਤੇ ਵੀ ਪੂਰਨ ਸਿੰਘ ਰਾਹੀਂ 4 ਲੱਖ ਰੁਪਏ ਲੈਣ ਦੇ ਦੋਸ਼ ਲਗਾਏ ਗਏ ਹਨ।
ਇਸ ਤਰ੍ਹਾਂ ਦੋਵੇਂ ਮਾਮਲਿਆਂ ਵਿੱਚ ਕੁੱਲ 7 ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈਣ ਦੀ ਗੱਲ ਸਾਹਮਣੇ ਆਈ ਹੈ। ਰੋਬਿਨ ਸਿੰਘ ਅਤੇ ਪੂਰਨ ਸਿੰਘ ’ਤੇ ਦੋਵਾਂ ਲੈਣ-ਦੇਣਾਂ ਵਿੱਚ ਵਿਚੋਲਿਆਂ ਵਜੋਂ ਕੰਮ ਕਰਨ ਦੇ ਦੋਸ਼ ਹਨ।
ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਥਾਣਾ ਕੱਚਾ ਪੱਕਾ ਦੇ ਐੱਸ.ਐੱਚ.ਓ. ਐੱਸ.ਆਈ. ਕਿਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਐੱਸ.ਆਈ. ਬਲਜਿੰਦਰ ਸਿੰਘ, ਰੋਬਿਨ ਸਿੰਘ ਅਤੇ ਪੂਰਨ ਸਿੰਘ ਹਾਲੇ ਫ਼ਰਾਰ ਦੱਸੇ ਜਾ ਰਹੇ ਹਨ।
ਮਾਮਲੇ ਦੀ ਅਗਲੀ ਜਾਂਚ ਡੀ.ਐੱਸ.ਪੀ. ਸਬ-ਡਵੀਜ਼ਨ ਭਿੱਖੀਵਿੰਡ ਅਤੁਲ ਸੋਨੀ ਵੱਲੋਂ ਕੀਤੀ ਜਾ ਰਹੀ ਹੈ।
Get all latest content delivered to your email a few times a month.