ਤਾਜਾ ਖਬਰਾਂ
ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਦੇ ਐੱਮ.ਏ. ਇਤਿਹਾਸ ਕੋਰਸ ਵਿੱਚੋਂ ਪੰਜਾਬ ਅਤੇ ਸਿੱਖ ਵਿਰਸੇ ਨਾਲ ਜੁੜੇ ਚਾਰ ਅਹਿਮ ਵਿਸ਼ੇ ਖਾਰਜ ਕੀਤੇ ਜਾਣ ਦਾ ਮਾਮਲਾ ਗਰਮਾ ਗਿਆ ਹੈ। ਇਸ ਫੈਸਲੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਯੂਨੀਵਰਸਿਟੀ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕੀਤੇ ਹਨ।
ਐਡਵੋਕੇਟ ਧਾਮੀ ਨੇ ਆਖਿਆ ਕਿ ਪੰਜਾਬ ਦਾ ਇਤਿਹਾਸ ਕੋਈ ਸਥਾਨਕ ਵਿਸ਼ਾ ਨਹੀਂ, ਸਗੋਂ ਇਹ ਭਾਰਤੀ ਇਤਿਹਾਸ ਦੀ ਰੂਹ ਹੈ। ਗੁਰੂ ਸਾਹਿਬਾਨ ਦਾ ਉਪਦੇਸ਼, ਖ਼ਾਲਸਾ ਸਰਜਨਾ, ਸ਼ਹਾਦਤਾਂ ਅਤੇ ਸਿੱਖ ਰਾਜ ਵਰਗੇ ਸੁਨਹਿਰੀ ਅਧਿਆਏ ਦੇਸ਼ ਦੇ ਨਕਸ਼ੇ ਨੂੰ ਤਰਾਸ਼ਣ ਵਾਲੇ ਸਾਬਤ ਹੋਏ ਹਨ। ਉੱਚ ਸਿੱਖਿਆ ਦੇ ਪੱਧਰ 'ਤੇ ਅਜਿਹੇ ਵਿਸ਼ਿਆਂ ਨੂੰ ਲਾਂਭੇ ਕਰਨਾ ਨਵੀਂ ਪੀੜ੍ਹੀ ਨੂੰ ਆਪਣੇ ਹੀ ਗੌਰਵਮਈ ਅਤੀਤ ਤੋਂ ਅਣਜਾਣ ਰੱਖਣ ਦੇ ਬਰਾਬਰ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਸੰਸਥਾਵਾਂ ਦਾ ਫਰਜ਼ ਸਿਰਫ਼ ਪੜ੍ਹਾਈ ਦੇ ਦਾਇਰੇ ਬਦਲਣਾ ਨਹੀਂ, ਸਗੋਂ ਪ੍ਰਮਾਣਿਕ ਖੋਜ ਰਾਹੀਂ ਵਿਰਾਸਤ ਦੀ ਸੰਭਾਲ ਕਰਨਾ ਵੀ ਹੈ। ਪੰਜਾਬ ਯੂਨੀਵਰਸਿਟੀ ਦਾ ਇਤਿਹਾਸਕ ਆਧਾਰ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨਾਲ ਜੁੜਿਆ ਹੈ, ਜਿਸ ਕਾਰਨ ਇਸ ਦੀ ਨੈਤਿਕ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ।
ਐੱਸ.ਜੀ.ਪੀ.ਸੀ. ਵੱਲੋਂ ਯੂਨੀਵਰਸਿਟੀ ਦੇ ਉਪ-ਕੁਲਪਤੀ (ਵੀ.ਸੀ.) ਅਤੇ ਸਬੰਧਤ ਕਮੇਟੀਆਂ ਨੂੰ ਇਹ ਫੈਸਲਾ ਤੁਰੰਤ ਰੱਦ ਕਰਨ ਦੀ ਤਾਕੀਦ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਨੇ ਮੰਗ ਕੀਤੀ ਹੈ ਕਿ:
ਪੰਜਾਬ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਹਟਾਏ ਗਏ ਚਾਰੇ ਪੇਪਰਾਂ ਨੂੰ ਬਿਨਾਂ ਦੇਰੀ ਮੁੜ ਸ਼ਾਮਲ ਕੀਤਾ ਜਾਵੇ।
ਵਿਦਿਆਰਥੀਆਂ ਲਈ ਇਹ ਵਿਸ਼ੇ ਪਹਿਲਾਂ ਵਾਂਗ ਹੀ ਲਾਜ਼ਮੀ ਰੱਖੇ ਜਾਣ।
ਅਜਿਹੇ ਫੈਸਲਿਆਂ ਤੋਂ ਪਰਹੇਜ਼ ਕੀਤਾ ਜਾਵੇ ਜਿਸ ਨਾਲ ਪੰਜਾਬੀ ਵਿਰਾਸਤ ਦੇ ਅਕਾਦਮਿਕ ਵਜੂਦ ਨੂੰ ਠੇਸ ਪੁੱਜੇ।
Get all latest content delivered to your email a few times a month.