IMG-LOGO
ਹੋਮ ਪੰਜਾਬ: ਹੁਸ਼ਿਆਰਪੁਰ 'ਚ ਅਗਵਾ ਕੀਤੇ ਨੌਜਵਾਨ ਸੰਦੀਪ ਦਾ ਬੇਰਹਮੀ ਨਾਲ ਕਤਲ,...

ਹੁਸ਼ਿਆਰਪੁਰ 'ਚ ਅਗਵਾ ਕੀਤੇ ਨੌਜਵਾਨ ਸੰਦੀਪ ਦਾ ਬੇਰਹਮੀ ਨਾਲ ਕਤਲ, ਤਲਵਾੜਾ ਦੀਆਂ ਝਾੜੀਆਂ 'ਚੋਂ ਮਿਲੀ ਲਾਸ਼

Admin User - Sep 13, 2026 02:17 PM
IMG

ਹੁਸ਼ਿਆਰਪੁਰ ਦੇ ਨਲੋਈਆਂ ਚੌਂਕ ਤੋਂ 3 ਸਤੰਬਰ ਨੂੰ ਭੇਦਭਰੇ ਹਾਲਾਤ ਵਿੱਚ ਲਾਪਤਾ ਹੋਏ ਨੌਜਵਾਨ ਸੰਦੀਪ ਦੇ ਮਾਮਲੇ ਵਿੱਚ ਇੱਕ ਰੂਹ ਕੰਬਾਊ ਖ਼ੁਲਾਸਾ ਹੋਇਆ ਹੈ। ਅੱਠ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਵੀਰਵਾਰ ਨੂੰ ਪੁਲਿਸ ਨੇ ਤਲਵਾੜਾ ਦੇ ਸੰਸਾਰਪੁਰ ਇਲਾਕੇ ਦੀਆਂ ਝਾੜੀਆਂ ਵਿੱਚੋਂ ਸੰਦੀਪ ਦੀ ਗਲੀ-ਸੜੀ ਲਾਸ਼ ਬਰਾਮਦ ਕੀਤੀ ਹੈ। ਮੁਢਲੀ ਜਾਂਚ ਮੁਤਾਬਕ ਅਗਵਾਕਾਰਾਂ ਨੇ ਵਾਰਦਾਤ ਵਾਲੇ ਦਿਨ ਹੀ ਨੌਜਵਾਨ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਪਛਾਣ ਛੁਪਾਉਣ ਦੀ ਨੀਅਤ ਨਾਲ ਲਾਸ਼ ਨੂੰ ਸੁੰਨਸਾਨ ਥਾਂ ਸੁਟ ਦਿੱਤਾ ਸੀ।


ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਦੇ ਮੁੱਖ ਅਫ਼ਸਰ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ 3 ਸਤੰਬਰ ਨੂੰ ਸ਼ਿਕਾਇਤ ਮਿਲਦਿਆਂ ਹੀ ਪੁਲਿਸ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਮੁੱਖ ਮੁਲਜ਼ਮ 'ਸੁੱਖਾ ਗੈਰਾਜ ਵਾਲਾ' ਅਤੇ ਉਸ ਦੇ ਦੋ ਹੋਰ ਸਾਥੀਆਂ ਦਾ ਨਾਂ ਸਾਹਮਣੇ ਆਇਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ। ਮੁਲਜ਼ਮਾਂ ਕੋਲੋਂ ਕੀਤੀ ਗਈ ਕੜੀ ਪੁੱਛਗਿੱਛ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਹੀ ਤਲਵਾੜਾ ਨੇੜਿਓਂ ਲਾਸ਼ ਬਰਾਮਦ ਕੀਤੀ ਗਈ।


ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਦਾ ਦੋਸ਼ ਹੈ ਕਿ ਜੇਕਰ ਪੁਲਿਸ ਨੇ ਸ਼ੁਰੂਆਤੀ ਦਿਨਾਂ ਵਿੱਚ ਹੀ ਮੁਸਤੈਦੀ ਦਿਖਾਈ ਹੁੰਦੀ ਤਾਂ ਅੱਜ ਉਨ੍ਹਾਂ ਦਾ ਪੁੱਤਰ ਜ਼ਿੰਦਾ ਹੁੰਦਾ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।


ਐਸ.ਐਚ.ਓ. ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਸਾਫ਼ ਕੀਤਾ ਕਿ ਤਿੰਨਾਂ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜੇਕਰ ਜਾਂਚ ਦੌਰਾਨ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ, ਤਾਂ ਉਸ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.