ਤਾਜਾ ਖਬਰਾਂ
ਪੰਜਾਬੀ ਸੰਗੀਤ ਜਗਤ ਦੇ ਚਰਚਿਤ ਗਾਇਕ ਸਿੰਗਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਆਪਣੇ ਅਧਿਕਾਰਤ ਇੰਸਟਾਗ੍ਰਾਮ ਖਾਤੇ 'ਤੇ ਇੱਕ 49 ਸੈਕਿੰਡ ਦੀ ਭਾਵੁਕ ਵੀਡੀਓ ਸਾਂਝੀ ਕਰਦਿਆਂ ਗਾਇਕ ਨੇ ਸੰਗੀਤ ਇੰਡਸਟਰੀ ਦੇ ਕਈ ਕੌੜੇ ਸੱਚ ਉਜਾਗਰ ਕੀਤੇ ਹਨ। "ਸਫਰ ਔਖਾ ਹੈ" ਕੈਪਸ਼ਨ ਨਾਲ ਪੋਸਟ ਕੀਤੀ ਗਈ ਇਸ ਵੀਡੀਓ ਵਿੱਚ ਸਿੰਗਾ ਦਾ ਗੁੱਸਾ ਅਤੇ ਦਰਦ ਸਾਫ਼ ਝਲਕ ਰਿਹਾ ਹੈ।
ਵੀਡੀਓ ਦੌਰਾਨ ਸਿੰਗਾ ਨੇ ਦਾਅਵਾ ਕੀਤਾ ਕਿ ਇੰਡਸਟਰੀ ਨਾਲ ਜੁੜੇ ਕੁੱਝ ਲੋਕ ਉਨ੍ਹਾਂ ਦੀ ਸਫਲਤਾ ਤੋਂ ਈਰਖਾ ਕਰਦੇ ਹਨ। ਉਨ੍ਹਾਂ ਨੂੰ ਨੀਵਾਂ ਦਿਖਾਉਣ ਲਈ ਪੈਸੇ ਖਰਚ ਕੇ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਕਰਵਾਈ ਜਾਂਦੀ ਹੈ। ਦੋਸਤਾਂ ਵੱਲੋਂ ਮਿਲੇ ਧੋਖੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, "ਯਾਰੋ, ਆਪਾਂ ਯਾਰਾਂ ਵੱਲੋਂ ਯਾਰ ਮਾਰ ਕਰਦੇ ਦੇਖੇ, ਗੇਮਾਂ ਪਾਉਂਦੇ ਦੇਖੇ। ਲੋਕ ਸੋਚਦੇ ਸੀ ਕਿ ਕਿਤੇ ਸਿੰਗਾ ਅੱਗੇ ਨਾ ਲੰਘ ਜਾਵੇ।"
ਪ੍ਰਸ਼ੰਸਕਾਂ ਵੱਲੋਂ 'ਪੁਰਾਣੇ ਸਿੰਗਾ' ਦੀ ਵਾਪਸੀ ਦੀਆਂ ਕੀਤੀਆਂ ਜਾ ਰਹੀਆਂ ਮੰਗਾਂ ਦਾ ਜਵਾਬ ਦਿੰਦਿਆਂ ਗਾਇਕ ਨੇ ਕਿਹਾ ਕਿ ਜ਼ਿੰਦਗੀ ਦੇ ਮੁਸ਼ਕਲ ਦੌਰ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਪੁਲਿਸ ਕੇਸਾਂ ਅਤੇ ਕਾਨੂੰਨੀ ਝੰਜਟਾਂ ਦੇ ਖਰਚਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਉਹ ਪੁਰਾਣੇ ਸਿੰਗਾ ਨਹੀਂ ਰਹੇ, ਸਗੋਂ ਉਨ੍ਹਾਂ ਦਾ ਦਿਲ ਪੱਥਰ ਹੋ ਚੁੱਕਾ ਹੈ।
ਹਾਲਾਂਕਿ ਇਸ ਵੀਡੀਓ ਵਿੱਚ ਸਿੰਗਾ ਨੇ ਕਿਸੇ ਵੀ ਗਾਇਕ, ਨਿਰਮਾਤਾ ਜਾਂ ਸਾਥੀ ਦਾ ਨਾਮ ਨਹੀਂ ਲਿਆ, ਪਰ ਉਨ੍ਹਾਂ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ 'ਤੇ ਨਵੀਂ ਚਰਚਾ ਛੇੜ ਦਿੱਤੀ ਹੈ। ਜ਼ਿਕਰਯੋਗ ਹੈ ਕਿ 10 ਅਗਸਤ 2023 ਨੂੰ ਕਪੂਰਥਲਾ ਪੁਲਿਸ ਵੱਲੋਂ ਉਨ੍ਹਾਂ ਦੇ ਗੀਤ "ਸਟਿਲ ਅਲਾਈਵ" ਵਿੱਚ ਹਥਿਆਰਾਂ ਅਤੇ ਅਸ਼ਲੀਲਤਾ ਨੂੰ ਉਤਸ਼ਾਹਤ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਲਗਾਤਾਰ ਗਾਇਕ ਦੇ ਹੱਕ ਵਿੱਚ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
Get all latest content delivered to your email a few times a month.