ਤਾਜਾ ਖਬਰਾਂ
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਸੰਸਦੀ ਬੋਰਡ ਤੇ ਕੇਂਦਰੀ ਚੋਣ ਕਮੇਟੀ ਦੇ ਮੈਂਬਰ ਡਾ. ਇਕਬਾਲ ਸਿੰਘ ਲਾਲਪੁਰਾ ਨੇ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਵੱਲੋਂ ਜਾਰੀ ਕੀਤੇ ਗਏ ਇੱਕ ਇਸ਼ਤਿਹਾਰ ਵਿੱਚ ਸਿੱਖ ਭਾਈਚਾਰੇ ਦੇ ਕਥਿਤ ਰੂੜ੍ਹੀਵਾਦੀ ਚਿੱਤਰਣ ’ਤੇ ਇਤਰਾਜ਼ ਜਤਾਇਆ ਹੈ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੂੰ ਭੇਜੇ ਪੱਤਰ ਵਿੱਚ ਲਾਲਪੁਰਾ ਨੇ ਕਿਹਾ ਕਿ ਇਸ਼ਤਿਹਾਰ ਵਿੱਚ “Mr. Singh” ਸ਼ਬਦਾਂ ਦੀ ਵਰਤੋਂ ਅਤੇ ਸਿੱਖ ਪਛਾਣ ਨਾਲ ਜੁੜਿਆ ਚਿੱਤਰ ਵਿਸ਼ਵ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਉਨ੍ਹਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ।
ਡਾ. ਲਾਲਪੁਰਾ ਨੇ ਵਿਦੇਸ਼ ਮੰਤਰਾਲੇ ਨੂੰ ਕਿਹਾ ਕਿ ਕੂਟਨੀਤਕ ਪੱਧਰ ’ਤੇ ਅਮਰੀਕੀ ਅਧਿਕਾਰੀਆਂ ਕੋਲ ਭਾਰਤ ਦੀ ਚਿੰਤਾ ਦਰਜ ਕਰਵਾਈ ਜਾਵੇ ਅਤੇ ਭਵਿੱਖ ਵਿੱਚ ਸਰਕਾਰੀ ਇਸ਼ਤਿਹਾਰਾਂ ਜਾਂ ਸੰਚਾਰ ਵਿੱਚ ਸਿੱਖ ਭਾਈਚਾਰੇ ਦੀ ਪਛਾਣ ਨੂੰ ਕਿਸੇ ਵੀ ਤਰ੍ਹਾਂ ਦੀ ਰੂੜ੍ਹੀਵਾਦੀ ਜਾਂ ਅਸੰਵੇਦਨਸ਼ੀਲ ਧਾਰਨਾ ਨਾਲ ਨਾ ਜੋੜਿਆ ਜਾਵੇ।
ਉਨ੍ਹਾਂ ਕਿਹਾ ਕਿ ਅਮਰੀਕਾ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਸਿੱਖ ਭਾਈਚਾਰੇ ਨੇ ਵਪਾਰ, ਖੇਤੀਬਾੜੀ, ਸਿੱਖਿਆ, ਮੈਡੀਕਲ ਸੇਵਾਵਾਂ, ਰੱਖਿਆ, ਜਨਤਕ ਸੇਵਾ ਅਤੇ ਮਨੁੱਖਤਾ ਦੀ ਭਲਾਈ ਦੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਲਾਲਪੁਰਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਿੱਖ ਕੌਮ ਦੀ ਪਛਾਣ, ਮਾਣ ਅਤੇ ਸਨਮਾਨ ਦਾ ਹਰ ਪੱਧਰ ’ਤੇ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਕਿਸੇ ਵੀ ਧਾਰਮਿਕ ਜਾਂ ਭਾਈਚਾਰਕ ਸਮੂਹ ਨੂੰ ਰੂੜ੍ਹੀਵਾਦੀ ਧਾਰਨਾਵਾਂ ਦੇ ਆਧਾਰ ’ਤੇ ਦਰਸਾਉਣਾ ਉਚਿਤ ਨਹੀਂ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਮਜ਼ਬੂਤ ਸਬੰਧ ਆਪਸੀ ਸਨਮਾਨ ਅਤੇ ਲੋਕਾਂ ਵਿਚਕਾਰ ਮਜ਼ਬੂਤ ਰਿਸ਼ਤਿਆਂ ’ਤੇ ਆਧਾਰਿਤ ਹਨ। ਇਸ ਲਈ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਅਹਿਮ ਹਿੱਸੇ ਵਜੋਂ ਸਿੱਖਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੀ ਪਛਾਣ ਦਾ ਪੂਰਾ ਸਤਿਕਾਰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
Get all latest content delivered to your email a few times a month.