ਤਾਜਾ ਖਬਰਾਂ
ਪਿੰਡ ਬੋਦੀ ਵਾਲਾ ਖੜਕ ਸਿੰਘ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਸਿਆਸੀ ਝਟਕਾ ਲੱਗਿਆ, ਜਦੋਂ ਟਕਸਾਲੀ ਅਕਾਲੀ ਆਗੂਆਂ ਸਮੇਤ ਕਰੀਬ 40 ਪਰਿਵਾਰਾਂ ਨੇ ਅਕਾਲੀ ਦਲ ਨੂੰ ਅਲਵਿਦਾ ਆਖਦਿਆਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪੇ ਪਾ ਕੇ ਪਾਰਟੀ ਵਿੱਚ ਜੀ ਆਇਆਂ ਆਖਿਆ।
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਟਕਸਾਲੀ ਅਕਾਲੀ ਆਗੂ ਗੁਰਮੀਤ ਸਿੰਘ, ਸੁਖਮੰਦਰ ਸਿੰਘ, ਸਾਬਕਾ ਮੈਂਬਰ ਪ੍ਰਤਾਪ ਸਿੰਘ, ਮੰਗਾ ਸਿੰਘ, ਗੋਰਾ ਸਿੰਘ, ਜਰਨੈਲ ਸਿੰਘ, ਸੁਖਦੇਵ ਸਿੰਘ, ਅਮਨ ਸਿੰਘ, ਕੁਲਵਿੰਦਰ ਸਿੰਘ ਅਤੇ ਸੀਰਾ ਸਿੰਘ ਸਮੇਤ ਹੋਰ ਪਰਿਵਾਰ ਸ਼ਾਮਲ ਰਹੇ।
ਸਮਾਗਮ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਸਮੇਂ ਸਿਆਸਤ ਨੂੰ ਅਕਸਰ ਪਰਚਿਆਂ ਅਤੇ ਦਬਾਅ ਤੱਕ ਸੀਮਤ ਰੱਖਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਵਿੱਚ ਕਿਸੇ ਵੀ ਵਿਅਕਤੀ ਖ਼ਿਲਾਫ਼ ਨਾਜਾਇਜ਼ ਪਰਚਾ ਦਰਜ ਕਰਵਾਉਣ ਦੀ ਸਿਆਸਤ ਨਹੀਂ ਕੀਤੀ। ਉਨ੍ਹਾਂ ਅਨੁਸਾਰ ਮਸਲਿਆਂ ਨੂੰ ਟਕਰਾਅ ਦੀ ਬਜਾਏ ਗੱਲਬਾਤ ਅਤੇ ਸੂਝ-ਬੂਝ ਨਾਲ ਹੱਲ ਕਰਨਾ ਅਤੇ ਲੋਕਾਂ ਨੂੰ ਇਨਸਾਫ਼ ਤੇ ਸਤਿਕਾਰ ਦੇਣਾ ਉਨ੍ਹਾਂ ਦੀ ਹਮੇਸ਼ਾ ਤਰਜੀਹ ਰਹੀ ਹੈ।
ਖੁੱਡੀਆਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੀ ਸਿਆਸਤ ਤੋਂ ਨਿਰਾਸ਼ ਹੋ ਕੇ ਲੋਕ ਹੁਣ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨਾਲ ਜੁੜ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮਾਨ ਸਰਕਾਰ ਵੱਲੋਂ ਸਿੱਖਿਆ, ਸਿਹਤ, ਰੁਜ਼ਗਾਰ, ਬੁਨਿਆਦੀ ਢਾਂਚੇ ਅਤੇ ਕਿਸਾਨੀ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਲੋਕਾਂ ਨੂੰ ਲਾਭ ਮਿਲ ਰਿਹਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਾਂ ਰਾਹੀਂ ਸਿਹਤ ਸਹੂਲਤਾਂ, ਨੌਜਵਾਨਾਂ ਨੂੰ ਬਿਨਾਂ ਸਿਫ਼ਾਰਸ਼ ਅਤੇ ਰਿਸ਼ਵਤ ਤੋਂ ਸਰਕਾਰੀ ਨੌਕਰੀਆਂ, ਸਿੱਖਿਆ ਵਿੱਚ ਸੁਧਾਰ ਅਤੇ ਕਿਸਾਨਾਂ ਦੀ ਫ਼ਸਲ ਦੀ ਨਿਰਵਿਘਨ ਖਰੀਦ ਲਈ ਕਈ ਕਦਮ ਚੁੱਕੇ ਗਏ ਹਨ। ਇਸ ਤੋਂ ਇਲਾਵਾ ਨਹਿਰਾਂ, ਸੂਇਆਂ ਅਤੇ ਕੱਸੀਆਂ ਨੂੰ ਪੱਕਾ ਕਰਨ, ਵਾਟਰ ਵਰਕਸਾਂ ਦੇ ਕੰਮ, ਛੱਪੜਾਂ ਦੀ ਸਫ਼ਾਈ ਅਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਵੀ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ ਦੱਸਿਆ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਨਾਲ-ਨਾਲ ਵਿਕਾਸ ਕਾਰਜਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਆਸਤ ਨੂੰ ਲੋਕ ਸੇਵਾ ਦਾ ਮਾਧਿਅਮ ਬਣਾਉਣ ਲਈ ਵਚਨਬੱਧ ਹੈ।
‘ਆਪ’ ਵਿੱਚ ਸ਼ਾਮਲ ਹੋਏ ਪਰਿਵਾਰਾਂ ਨੇ ਕਿਹਾ ਕਿ ਉਹ ਮਾਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕੰਮਾਂ ਕਾਰਨ ਉਨ੍ਹਾਂ ਦਾ ਭਰੋਸਾ ਆਮ ਆਦਮੀ ਪਾਰਟੀ ਪ੍ਰਤੀ ਹੋਰ ਮਜ਼ਬੂਤ ਹੋਇਆ ਹੈ।
ਗੁਰਮੀਤ ਸਿੰਘ ਖੁੱਡੀਆਂ ਨੇ ਨਵੇਂ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਹਰ ਵਰਕਰ ਨੂੰ ਬਣਦਾ ਮਾਣ-ਸਨਮਾਨ ਅਤੇ ਹੱਕ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਮੁੜ ਬਣੇਗੀ ਅਤੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਤਰਜੀਹ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਹਰਕੇਵਲ ਸਿੰਘ ਬੋਦੀ ਵਾਲਾ, ਆਤਮਾ ਸਿੰਘ, ਗੁਰਜੀਤ ਸਿੰਘ ਸੇਖੋਂ, ਜਸਵਿੰਦਰ ਸਿੰਘ, ਸੁਰਜੀਤ ਸਿੰਘ ਚੇਅਰਮੈਨ, ਭਿੰਦਰ ਸਿੰਘ, ਵਿਜੈ ਭੁੱਲਰ, ਅਮਰਜੀਤ ਸਿੰਘ ਆਲਮਵਾਲਾ ਸਮੇਤ ਹੋਰ ਪਤਵੰਤੇ ਅਤੇ ਪਾਰਟੀ ਵਰਕਰ ਮੌਜੂਦ ਸਨ।
Get all latest content delivered to your email a few times a month.