ਤਾਜਾ ਖਬਰਾਂ
ਜਲੰਧਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਮੁਕਾਬਲੇ ਦੌਰਾਨ ਇੱਕ ਸ਼ਾਤਰ ਬਦਮਾਸ਼ ਨੂੰ ਗੋਲੀ ਮਾਰ ਕੇ ਕਾਬੂ ਕੀਤਾ ਹੈ। ਜ਼ਖ਼ਮੀ ਮੁਲਜ਼ਮ ਦੀ ਪਛਾਣ ਸੁਖਜਿੰਦਰ ਉਰਫ਼ ਪ੍ਰਿੰਸ ਵਜੋਂ ਹੋਈ ਹੈ, ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਖ਼ਤਰਨਾਕ 'ਗੈਂਗਸਟਰ ਡੋਨੀ ਬਲ' ਗਿਰੋਹ ਦਾ ਸਰਗਰਮ ਮੈਂਬਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਤੋਂ ਇੱਕ ਪਿਸਤੌਲ ਅਤੇ ਮੌਕੇ ਤੋਂ ਚੱਲੇ ਹੋਏ ਕਾਰਤੂਸਾਂ ਦੇ ਖੋਲ ਵੀ ਬਰਾਮਦ ਕੀਤੇ ਹਨ।
ਮਿਲੀ ਜਾਣਕਾਰੀ ਅਨੁਸਾਰ, ਪੁਲਿਸ ਨੇ ਮੁਲਜ਼ਮ ਨੂੰ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਸੀ, ਕਿਉਂਕਿ ਉਹ ਕਿਸੇ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸੀ। ਸ਼ਨੀਵਾਰ ਸਵੇਰੇ ਲਗਭਗ 8 ਵਜੇ, ਜਦੋਂ ਪੁਲਿਸ ਟੀਮ ਪੁੱਛਗਿੱਛ ਤੋਂ ਬਾਅਦ ਹਥਿਆਰ ਬਰਾਮਦਗੀ ਲਈ ਮੁਲਜ਼ਮ ਨੂੰ ਜਮਸ਼ੇਰਪੁਰ ਸਥਿਤ ਡੇਅਰੀ ਕੰਪਲੈਕਸ ਨੇੜੇ ਲੈ ਕੇ ਗਈ, ਤਾਂ ਉਸ ਨੇ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ।
ਪੁਲਿਸ ਮੁਤਾਬਕ, ਭੱਜਣ ਦੌਰਾਨ ਮੁਲਜ਼ਮ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ 'ਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਮੁਲਜ਼ਮ ਦੀ ਲੱਤ 'ਚ ਜਾ ਲੱਗੀ, ਜਿਸ ਨਾਲ ਉਹ ਉੱਥੇ ਹੀ ਡਿੱਗ ਪਿਆ। ਇਸ ਮੁਕਾਬਲੇ ਦੌਰਾਨ ਕੁੱਲ 3 ਰੌਂਦ ਗੋਲੀਆਂ ਚੱਲੀਆਂ। ਗੰਭੀਰ ਰੂਪ 'ਚ ਜ਼ਖ਼ਮੀ ਹੋਏ ਬਦਮਾਸ਼ ਨੂੰ ਤੁਰੰਤ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਪੁਲਿਸ ਦੀ ਨਿਗਰਾਨੀ ਹੇਠ ਉਸ ਦਾ ਇਲਾਜ ਚੱਲ ਰਿਹਾ ਹੈ।
Get all latest content delivered to your email a few times a month.