ਤਾਜਾ ਖਬਰਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਇਤਿਹਾਸਕ ਅਵਸਰ 'ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੇਸ਼-ਵਿਦੇਸ਼ ਵਿੱਚ ਵੱਸਦੇ ਖ਼ਾਲਸਾ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਤਹਿ ਦਿਲੋਂ ਵਧਾਈਆਂ ਦਿੱਤੀਆਂ ਹਨ। ਸੰਗਤ ਦੇ ਨਾਂ ਜਾਰੀ ਆਪਣੇ ਵਿਸ਼ੇਸ਼ ਸੰਦੇਸ਼ ਵਿੱਚ ਉਨ੍ਹਾਂ ਇਸ ਮੁਕੱਦਸ ਦਿਹਾੜੇ ਦੀ ਇਤਿਹਾਸਕ ਅਤੇ ਰੂਹਾਨੀ ਮਹੱਤਤਾ 'ਤੇ ਚਾਨਣਾ ਪਾਇਆ।
ਜਥੇਦਾਰ ਗੜਗੱਜ ਨੇ ਇਤਿਹਾਸ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸੰਨ 1604 ਈਸਵੀ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਰਾਮਸਰ ਸਾਹਿਬ ਦੇ ਕੰਢੇ ਭਾਈ ਗੁਰਦਾਸ ਜੀ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੰਪੂਰਨ ਕਰਵਾਇਆ ਸੀ। ਇਸ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਵਿੱਤਰ ਸਰੂਪ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲੇ ਮੁੱਖ ਗ੍ਰੰਥੀ ਵਜੋਂ ਪਹਿਲਾ ਮੁੱਖਵਾਕ ਸਰਵਣ ਕਰਵਾਇਆ।
ਉਨ੍ਹਾਂ ਕਿਹਾ ਕਿ ਗੁਰਬਾਣੀ ਸਮੁੱਚੀ ਮਾਨਵਤਾ ਲਈ ਇਲਾਹੀ ਗਿਆਨ ਦਾ ਸੋਮਾ ਹੈ, ਜੋ ਮਨੁੱਖ ਨੂੰ ਸੱਚ, ਧਰਮ ਅਤੇ ਨਿਆਂ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ। 'ਗੁਰਬਾਣੀ ਇਸੁ ਜਗ ਮਹਿ ਚਾਨਣੁ' ਦੇ ਸਿਧਾਂਤ ਦਾ ਹਵਾਲਾ ਦਿੰਦਿਆਂ ਜਥੇਦਾਰ ਸਾਹਿਬ ਨੇ ਸਮੂਹ ਸੰਗਤਾਂ ਨੂੰ ਬਾਣੀ ਦੇ ਲੜ ਲੱਗਣ, ਗੁਰਮਤਿ ਅਨੁਸਾਰ ਜੀਵਨ ਢਾਲਣ ਅਤੇ ਵਿਸ਼ਵ ਵਿੱਚ ਆਪਸੀ ਪ੍ਰੇਮ, ਸ਼ਾਂਤੀ ਤੇ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਬੜਾਵਾ ਦੇਣ ਦਾ ਸੱਦਾ ਦਿੱਤਾ।
Get all latest content delivered to your email a few times a month.