ਤਾਜਾ ਖਬਰਾਂ
ਸਾਲ 2015 ਦੇ ਬਹਿਬਲ ਕਲਾਂ ਗੋਲੀਕਾਂਡ ਅਤੇ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੂੰ ਵੱਡੀ ਸਫ਼ਲਤਾ ਮਿਲੀ ਹੈ। ਮਿਲੇ ਨਵੇਂ ਸਬੂਤਾਂ ਦੇ ਆਧਾਰ 'ਤੇ ਐੱਸ.ਆਈ.ਟੀ. ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੁੱਛਗਿੱਛ ਲਈ ਤਲਬ ਕਰ ਲਿਆ ਹੈ। ਜਾਂਚ ਟੀਮ ਇਸ ਸੰਵੇਦਨਸ਼ੀਲ ਮਾਮਲੇ ਦੀਆਂ ਸਾਰੀਆਂ ਕੜੀਆਂ ਨੂੰ ਜੋੜ ਕੇ ਅਦਾਲਤ 'ਚ ਚਲਾਨ ਪੇਸ਼ ਕਰਨ ਦੀ ਤਿਆਰੀ 'ਚ ਹੈ।
ਸੂਤਰਾਂ ਅਨੁਸਾਰ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਘਟਨਾ ਵਾਲੇ ਦਿਨ ਤੋਂ ਪਹਿਲਾਂ ਚੰਡੀਗੜ੍ਹ ਅਤੇ ਮੁੱਖ ਮੰਤਰੀ ਨਿਵਾਸ ਵਿਖੇ ਕਈ ਅਹਿਮ ਬੈਠਕਾਂ ਹੋਈਆਂ ਸਨ, ਜਿਨ੍ਹਾਂ ਵਿੱਚ ਉੱਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਿਆਸੀ ਆਗੂ ਸ਼ਾਮਲ ਸਨ। ਐੱਸ.ਆਈ.ਟੀ. ਹੁਣ ਇਹ ਪਤਾ ਲਗਾਉਣ 'ਚ ਜੁਟੀ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ 'ਤੇ ਫਾਇਰਿੰਗ ਦੇ ਹੁਕਮ ਕਿਸ ਪੱਧਰ ਤੋਂ ਜਾਰੀ ਹੋਏ ਸਨ ਅਤੇ ਉਸ ਦਿਨ ਤਤਕਾਲੀ ਗ੍ਰਹਿ ਮੰਤਰੀ ਦੀਆਂ ਗਤੀਵਿਧੀਆਂ ਕੀ ਸਨ।
ਜ਼ਿਕਰਯੋਗ ਹੈ ਕਿ 2015 ਵਿੱਚ ਬੇਅਦਬੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਹੋਈ ਪੁਲਿਸ ਫਾਇਰਿੰਗ 'ਚ ਦੋ ਸਿੱਖ ਨੌਜਵਾਨਾਂ ਦੀ ਜਾਨ ਚਲੀ ਗਈ ਸੀ, ਜਿਸ ਤੋਂ ਬਾਅਦ ਤਤਕਾਲੀ ਅਕਾਲੀ-ਭਾਜਪਾ ਸਰਕਾਰ 'ਤੇ ਗੰਭੀਰ ਸਵਾਲ ਖੜ੍ਹੇ ਹੋਏ ਸਨ। ਪੁਲਿਸ ਹੁਣ ਮਾਮਲੇ 'ਚ ਸ਼ਾਮਲ ਹੋਰ ਪ੍ਰਮੁੱਖ ਗਵਾਹਾਂ ਅਤੇ ਨਾਮਜ਼ਦ ਵਿਅਕਤੀਆਂ ਨੂੰ ਸੁਖਬੀਰ ਬਾਦਲ ਦੇ ਸਾਹਮਣੇ ਬਠਾ ਕੇ ਪੁੱਛਗਿੱਛ ਕਰਨ ਦੀ ਯੋਜਨਾ ਬਣਾ ਰਹੀ ਹੈ, ਤਾਂ ਜੋ ਘਟਨਾਕ੍ਰਮ ਦਾ ਪੂਰਾ ਸੱਚ ਸਾਹਮਣੇ ਲਿਆਂਦਾ ਜਾ ਸਕੇ।
Get all latest content delivered to your email a few times a month.