ਤਾਜਾ ਖਬਰਾਂ
ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਨੇ ਆਪਣਾ ਰੋਡਮੈਪ ਸਪੱਸ਼ਟ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਨੇ ਸੰਕੇਤ ਦਿੱਤੇ ਹਨ ਕਿ ਪਾਰਟੀ ਸੂਬੇ ਵਿੱਚ ਕਿਸੇ ਇੱਕ ਆਗੂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਬਜਾਏ 'ਸਮੂਹਿਕ ਅਗਵਾਈ' (Collective Leadership) ਹੇਠ ਚੋਣ ਮੈਦਾਨ 'ਚ ਉਤਰੇਗੀ। ਇੱਕ ਨਿੱਜੀ ਮੀਡੀਆ ਅਦਾਰੇ ਨੂੰ ਦਿੱਤੇ ਇੰਟਰਵਿਊ ਦੌਰਾਨ ਪਾਇਲਟ ਨੇ ਸਾਫ਼ ਕੀਤਾ ਕਿ ਪਾਰਟੀ ਦਾ ਮੁੱਖ ਕੇਂਦਰ ਸੰਗਠਨ ਨੂੰ ਮਜ਼ਬੂਤ ਕਰਨਾ ਹੈ ਅਤੇ ਚੋਣ ਮੁਹਿੰਮ ਦਾ ਮੁੱਖ ਚਿਹਰਾ ਰਾਹੁਲ ਗਾਂਧੀ ਹੋਣਗੇ।
ਜ਼ਿਕਰਯੋਗ ਹੈ ਕਿ ਕਾਂਗਰਸ ਹਾਈਕਮਾਂਡ ਨੇ ਭੂਪੇਸ਼ ਬਘੇਲ ਦੀ ਜਗ੍ਹਾ ਸਚਿਨ ਪਾਇਲਟ ਨੂੰ ਪੰਜਾਬ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ। ਇਹ ਫ਼ੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਸੂਬਾ ਕਾਂਗਰਸ ਅੰਦਰੂਨੀ ਖਿੱਚੋਤਾਣ ਅਤੇ ਗੁੱਟਬੰਦੀ ਨਾਲ ਜੂਝ ਰਹੀ ਹੈ। ਅਜਿਹੇ ਮਾਹੌਲ ਵਿੱਚ ਵੱਖ-ਵੱਖ ਧੜਿਆਂ ਨੂੰ ਇੱਕ ਮੰਚ 'ਤੇ ਲਿਆਉਣਾ ਅਤੇ ਵਰਕਰਾਂ ਵਿੱਚ ਨਵਾਂ ਰੂਹ ਫੂਕਣਾ ਪਾਇਲਟ ਲਈ ਸਭ ਤੋਂ ਵੱਡੀ ਪ੍ਰੀਖਿਆ ਮੰਨਿਆ ਜਾ ਰਿਹਾ ਹੈ।
ਪੰਜਾਬ ਇੰਚਾਰਜ ਨੇ ਸੂਬੇ ਦੇ ਸਮੁੱਚੇ ਲੀਡਰਾਂ ਅਤੇ ਵਰਕਰਾਂ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਨਿੱਜੀ ਹਿੱਤਾਂ ਨੂੰ ਲਾਂਭੇ ਰੱਖ ਕੇ ਪਾਰਟੀ ਦੇ ਹਿੱਤ ਵਿੱਚ ਇੱਕਜੁਟ ਹੋ ਕੇ ਕੰਮ ਕੀਤਾ ਜਾਵੇ। ਉਨ੍ਹਾਂ ਭਰੋਸਾ ਜਤਾਇਆ ਕਿ ਪਾਰਟੀ ਇੱਕਜੁਟਤਾ ਨਾਲ ਜਨਤਾ ਦੇ ਵਿਚਕਾਰ ਜਾਵੇਗੀ ਅਤੇ 2027 ਵਿੱਚ ਮਜ਼ਬੂਤ ਵਾਪਸੀ ਕਰੇਗੀ।
Get all latest content delivered to your email a few times a month.