ਤਾਜਾ ਖਬਰਾਂ
ਪ੍ਰੈਸ ਕਾਨਫਰੰਸ ਦੌਰਾਨ ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 2027 ਦੀਆਂ ਵਿਧਾਨ ਸਭਾ ਚੋਣਾਂ ਪੂਰੀ ਤਿਆਰੀ ਅਤੇ ਮਜ਼ਬੂਤੀ ਨਾਲ ਲੜੇਗਾ। ਅਕਾਲੀ-ਭਾਜਪਾ ਗਠਜੋੜ ਸਬੰਧੀ ਉਨ੍ਹਾਂ ਕਿਹਾ ਕਿ ਇਸ ਬਾਰੇ ਜਦੋਂ ਵੀ ਕੋਈ ਫੈਸਲਾ ਹੋਵੇਗਾ, ਮੀਡੀਆ ਨੂੰ ਜਾਣਕਾਰੀ ਦਿੱਤੀ ਜਾਵੇਗੀ। ਫਿਲਹਾਲ ਪਾਰਟੀ ਵੱਲੋਂ ਬੂਥ ਪੱਧਰ ਤੱਕ ਜਥੇਬੰਦੀ ਨੂੰ ਮਜ਼ਬੂਤ ਕਰਨ ’ਤੇ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਰੋਪੜ ਵਿੱਚ ਪਾਰਟੀ ਦੀ ਜ਼ਿਲ੍ਹਾ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਹਲਕੇ ਦੇ ਪ੍ਰਮੁੱਖ ਆਗੂਆਂ ਨਾਲ ਮੀਟਿੰਗ ਕੀਤੀ ਗਈ ਹੈ।
ਡਾ. ਚੀਮਾ ਨੇ ਦੋਸ਼ ਲਗਾਇਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਲੋਕਾਂ ਨੂੰ ਸਰਕਾਰੀ ਅਧਿਕਾਰੀਆਂ ਅਤੇ ਵਿਧਾਇਕਾਂ ਤੋਂ ਸਵਾਲ ਪੁੱਛਣ ਲਈ ਪ੍ਰੇਰਿਤ ਕਰਦੀ ਸੀ, ਪਰ ਹੁਣ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਣ ਵਾਲੇ ਲੋਕਾਂ ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕਾਰਜਕਾਲ ਨਾਲ ਜੁੜੇ ਇਨ੍ਹਾਂ ਮੁੱਦਿਆਂ ਦਾ ਜਵਾਬ ਲੋਕ 2027 ਦੀਆਂ ਚੋਣਾਂ ਵਿੱਚ ਦੇਣਗੇ।
ਬਿਜਲੀ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਗਿਆ ਸੀ, ਜਦਕਿ ਬਾਅਦ ਦੀਆਂ ਕਾਂਗਰਸ ਅਤੇ ‘ਆਪ’ ਸਰਕਾਰਾਂ ਵੱਲੋਂ ਨਵੀਂ ਬਿਜਲੀ ਉਤਪਾਦਨ ਸਮਰੱਥਾ ਵਧਾਉਣ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕਾਰਨ ਸੂਬੇ ਵਿੱਚ ਲੰਬੇ ਬਿਜਲੀ ਕੱਟਾਂ ਦੀ ਸਮੱਸਿਆ ਸਾਹਮਣੇ ਆ ਰਹੀ ਹੈ।
ਡਾ. ਚੀਮਾ ਨੇ ਰੂਪਨਗਰ ਸ਼ਹਿਰ ਦੀ ਸਫਾਈ ਅਤੇ ਸੀਵਰੇਜ ਟਰੀਟਮੈਂਟ ਪ੍ਰਬੰਧਾਂ ਦੀ ਸਥਿਤੀ ’ਤੇ ਵੀ ਚਿੰਤਾ ਜਤਾਈ। ਉਨ੍ਹਾਂ ਦੱਸਿਆ ਕਿ ਹਵੇਲੀ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਮਰੱਥਾ 10 ਐਮਐਲਡੀ ਹੈ, ਜਦਕਿ ਸ਼ਹਿਰ ਵਿੱਚੋਂ ਕਰੀਬ 14 ਐਮਐਲਡੀ ਪਾਣੀ ਪਲਾਂਟ ਤੱਕ ਪਹੁੰਚ ਰਿਹਾ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਸਮਰੱਥਾ ਤੋਂ ਵੱਧ ਸੀਵਰੇਜ ਹੋਣ ਕਾਰਨ ਵੱਡੀ ਮਾਤਰਾ ਵਿੱਚ ਪਾਣੀ ਬਿਨਾਂ ਪੂਰੀ ਤਰ੍ਹਾਂ ਟਰੀਟ ਕੀਤੇ ਬਾਹਰ ਛੱਡਿਆ ਜਾ ਰਿਹਾ ਹੈ। ਸਰਹੰਦ ਨਹਿਰ ਵਿੱਚ ਸੀਵਰੇਜ ਦਾ ਪਾਣੀ ਪਾਏ ਜਾਣ ਦਾ ਮੁੱਦਾ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸ਼ਿਕਾਇਤ ਕੀਤੀ ਗਈ ਹੈ।
ਡਾ. ਚੀਮਾ ਨੇ ਕਿਹਾ ਕਿ ਜੇਕਰ ਇਸ ਮਾਮਲੇ ’ਤੇ ਕੋਈ ਕਾਰਵਾਈ ਨਾ ਹੋਈ ਤਾਂ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਵੀ ਪਟੀਸ਼ਨ ਦਾਇਰ ਕਰਨਗੇ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਅਕਾਲੀ ਸਰਕਾਰ ਤੋਂ ਬਾਅਦ ਕਾਂਗਰਸ ਅਤੇ ‘ਆਪ’ ਸਰਕਾਰਾਂ ਰੂਪਨਗਰ ਦੇ ਸ਼ਹਿਰੀ ਵਿਕਾਸ ਲਈ ਲੋੜੀਂਦਾ ਕੰਮ ਨਹੀਂ ਕਰ ਸਕੀਆਂ।
Get all latest content delivered to your email a few times a month.