IMG-LOGO
ਹੋਮ ਪੰਜਾਬ: ਸਾਨੂੰ ਉਤਪਾਦਨ ਦੇ ਨਾਲ-ਨਾਲ ਆਪਣੇ ਉਤਪਾਦਾਂ ਦਾ ਬਿਹਤਰ ਮੰਡੀਕਰਨ ਕਰਨਾ...

ਸਾਨੂੰ ਉਤਪਾਦਨ ਦੇ ਨਾਲ-ਨਾਲ ਆਪਣੇ ਉਤਪਾਦਾਂ ਦਾ ਬਿਹਤਰ ਮੰਡੀਕਰਨ ਕਰਨਾ ਵੀ ਆਉਣਾ ਚਾਹੀਦੈ: ਗੁਰਮੀਤ ਸਿੰਘ ਖੁੱਡੀਆਂ

Admin User - Sep 08, 2026 08:56 PM
IMG

ਚੰਡੀਗੜ੍ਹ, 8 ਸਤੰਬਰ: 

ਪੰਜਾਬ ਰਾਜ ਖੁਰਾਕ ਕਮਿਸ਼ਨ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਟਰੇਡ ਪ੍ਰਮੋਸ਼ਨ ਕੌਂਸਲ ਵੱਲੋਂ ਫੂਡ ਪ੍ਰੋਸੈਸਿੰਗ ਐਮ.ਐਸ.ਐਮ.ਈਜ਼, ਕਿਸਾਨ ਉਤਪਾਦਕ ਸੰਗਠਨਾਂ (ਐਫ.ਪੀ.ਓ.), ਸਵੈ-ਸਹਾਇਤਾ ਸਮੂਹਾਂ (ਐਸ.ਐਚ.ਜੀ.), ਸਹਿਕਾਰੀ ਸਭਾਵਾਂ, ਸਟਾਰਟ-ਅੱਪਸ ਅਤੇ ਸੁਸਾਇਟੀਆਂ 'ਤੇ ਧਿਆਨ ਕੇਂਦਰਿਤ ਕਰਦਿਆਂ ਅੱਜ ਵੱਖ-ਵੱਖ ਸੈਸ਼ਨਾਂ ਵਾਲਾ ਇੱਕ ਸੈਮੀਨਾਰ ਕਰਵਾਇਆ ਗਿਆ।

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਾਡੇ ਕੋਲ ਉਪਜਾਊ ਜ਼ਮੀਨ ਦੇ ਨਾਲ-ਨਾਲ ਮਿਹਨਤੀ ਲੋਕ ਵੀ ਹਨ। ਇਸ ਲਈ ਸਾਨੂੰ ਉਤਪਾਦਨ ਦੇ ਨਾਲ-ਨਾਲ ਦੇਸ਼ ਭਰ ਦੇ ਅਤੇ ਆਲਮੀ ਮੰਚਾਂ 'ਤੇ ਵੀ ਆਪਣੇ ਉਤਪਾਦਾਂ ਦਾ ਮੰਡੀਕਰਨ ਕਰਨਾ ਵੀ ਆਉਣਾ ਚਾਹੀਦਾ ਹੈ। ਪੰਜਾਬ ਉੱਦਮਤਾ ਦੇ ਖੇਤਰ ਵਿੱਚ ਆਪਣੀ ਪਛਾਣ ਬਣਾ ਰਿਹਾ ਹੈ ਅਤੇ ਸੂਬੇ ਨੂੰ ਅੱਗੇ ਲਿਜਾਣਾ ਸਮੇਂ ਦੀ ਮੁੱਖ ਲੋੜ ਹੈ।

ਪੰਜਾਬ ਰਾਜ ਖੁਰਾਕ ਕਮਿਸ਼ਨ (ਪੀ.ਐਸ.ਐਫ.ਸੀ.) ਦੇ ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਅਸੀਂ ਵੈਲਿਊ ਐਡੀਸ਼ਨ (ਮੁੱਲ ਵਾਧੇ) ਦੇ ਦੌਰ ਵਿੱਚ ਹਾਂ, ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਖੇਤੀਬਾੜੀ ਨੂੰ ਖੇਤੀ ਕਾਰੋਬਾਰ ਵਿੱਚ ਤਬਦੀਲ ਕਰੀਏ। ਉਨ੍ਹਾਂ ਅੱਗੇ ਕਿਹਾ ਕਿ 5000 ਤੋਂ ਵੱਧ ਸਕੂਲਾਂ ਵਿੱਚ ਹਰਬਲ ਗਾਰਡਨ ਸਥਾਪਿਤ ਕੀਤੇ ਜਾ ਰਹੇ ਹਨ ਜਿੱਥੇ ਜੈਵਿਕ ਢੰਗ ਨਾਲ ਸਬਜ਼ੀਆਂ ਉਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਹੁਣ ਖੁਰਾਕ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਕਦਮ ਵਧਾਉਣੇ ਚਾਹੀਦੇ ਹਨ।

ਪੀ.ਟੀ.ਪੀ.ਸੀ. ਦੀ ਚੇਅਰਪਰਸਨ ਸ੍ਰੀਮਤੀ ਕੰਚਨ ਸ਼ਰਮਾ ਨੇ ਉੱਦਮੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੀ.ਟੀ.ਪੀ.ਸੀ. ਪੰਜਾਬ ਨੂੰ ਇੱਕ ਗਲੋਬਲ ਬਿਜ਼ਨਸ ਹੱਬ ਵਜੋਂ ਸਥਾਪਿਤ ਕਰਦਿਆਂ ਵਪਾਰ, ਨਿਵੇਸ਼ ਅਤੇ ਉਦਯੋਗਿਕ ਵਿਕਾਸ ਲਈ ਇੱਕ ਸੰਸਥਾਗਤ ਮੰਚ ਤਿਆਰ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।


ਇਸ ਮੌਕੇ ਪੈਗਰੋ (ਪੀ.ਏ.ਜੀ.ਆਰ.ਓ.) ਤੋਂ ਸ੍ਰੀ ਐਨ.ਐਸ. ਬਰਾੜ ਨੇ ਜਾਪਾਨ ਨੂੰ ਚੰਗੀ ਗੁਣਵੱਤਾ ਵਾਲੇ ਉਤਪਾਦਾਂ ਦੇ ਨਿਰਯਾਤ ਸਬੰਧੀ ਆਪਣੀ ਸਫਲਤਾ ਦੀ ਕਹਾਣੀ ਸਾਂਝੀ ਕੀਤੀ ਅਤੇ ਅਮਰਟੈਕਸ ਦੇ ਸੰਸਥਾਪਕ ਤੇ ਚੇਅਰਮੈਨ ਸ੍ਰੀ ਅਰੁਣ ਗਰੋਵਰ ਨੇ ਵੀ ਆਪਣੇ ਉੱਦਮੀ ਸਫ਼ਰ ਬਾਰੇ ਦੱਸਿਆ।


ਅੰਤਰਰਾਸ਼ਟਰੀ ਸ਼ੈੱਫ ਵਿਕਾਸ ਚਾਵਲਾ ਨੇ ਬਿਹਤਰ ਪੋਸ਼ਣ ਲਈ ਮੋਟੇ ਅਨਾਜ (ਮਿਲਟਸ) ਦੀ ਮਹੱਤਤਾ 'ਤੇ ਜ਼ੋਰ ਦਿੱਤਾ।


ਸਹਿਕਾਰੀ ਸਭਾਵਾਂ, ਸਟਾਰਟ-ਅੱਪਸ, ਸੁਸਾਇਟੀਆਂ ਅਤੇ ਸਵੈ-ਸਹਾਇਤਾ ਸਮੂਹਾਂ ਬਾਰੇ ਦੂਜੇ ਸੈਸ਼ਨ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਵਿੱਚ ਸਟਾਰਟ-ਅੱਪਸ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਚਾਨਣਾ ਪਾਇਆ। ਇਸ ਤੋਂ ਇਲਾਵਾ, ਪੰਜਾਬ ਵਿੱਚ ਸਹਿਕਾਰਤਾ ਲਹਿਰ ਦੀ ਸਫ਼ਲਤਾ ਵਿੱਚ ਮਾਰਕਫੈੱਡ ਵੱਲੋਂ ਪਾਏ ਗਏ ਵੱਡਮੁੱਲੇ ਯੋਗਦਾਨ ਦੀ ਵੀ ਵਿਸ਼ੇਸ਼ ਸ਼ਲਾਘਾ ਕੀਤੀ ਗਈ।


ਪੇਂਡੂ ਵਿਕਾਸ ਅਤੇ ਪੰਚਾਇਤਾਂ, ਸੈਰ-ਸਪਾਟਾ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਜਦੋਂ ਮੌਜੂਦਾ ਸੂਬਾ ਸਰਕਾਰ ਨੇ ਜਦੋਂ ਮਾਰਚ 2022 ਵਿੱਚ ਸੱਤਾ ਸੰਭਾਲੀ ਸੀ ਤਾਂ ਸਵੈ-ਸਹਾਇਤਾ ਸਮੂਹਾਂ ਦੀ ਗਿਣਤੀ 26000 ਸੀ, ਪਰ ਹੁਣ ਚਾਰ ਸਾਲਾਂ ਬਾਅਦ ਰਾਜ ਸਰਕਾਰ ਦੀਆਂ ਉੱਦਮ-ਪੱਖੀ ਨੀਤੀਆਂ ਕਾਰਨ ਇਹ ਗਿਣਤੀ 56000 ਹੋ ਗਈ ਹੈ।


ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਸਵੈ-ਸਹਾਇਤਾ ਸਮੂਹ ਅਜਿਹੇ ਛੋਟੇ ਭਾਈਚਾਰਾ-ਆਧਾਰਿਤ ਸੰਗਠਨ ਹਨ, ਜੋ ਮੁੱਖ ਤੌਰ 'ਤੇ ਪੇਂਡੂ ਔਰਤਾਂ ਵੱਲੋਂ ਬਣਾਏ ਗਏ ਹਨ ਅਤੇ ਛੋਟੀਆਂ ਮਾਸਿਕ ਬੱਚਤਾਂ (50 ਰੁਪਏ ਤੋਂ 200 ਰੁਪਏ ਪ੍ਰਤੀ ਮੈਂਬਰ ਤੱਕ) ਇਕੱਠਾ ਕਰਦੇ ਹਨ ਤਾਂ ਜੋ ਮਾਇਕਰੋ ਕ੍ਰੈਡਿਟ ਫੰਡ ਬਣਾਏ ਜਾ ਸਕਣ ਅਤੇ ਆਮਦਨ ਪੈਦਾ ਕਰਨ ਵਾਲੇ ਛੋਟੇ -ਉੱਦਮ ਸ਼ੁਰੂ ਕੀਤੇ ਜਾ ਸਕਣ।


ਇਸ ਤੋਂ ਇਲਾਵਾ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਸੇਵਾਮੁਕਤ ਹੋਏ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ ਵੱਲੋਂ ਪਾਏ ਗਏ ਵੱਡਮੁਲੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ੍ਰੀ ਬਾਲ ਮੁਕੰਦ ਸ਼ਰਮਾ ਨੇ ਪੋਸ਼ਣ ਸੁਰੱਖਿਆ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ ਲਈ ਆਪਣੇ ਕਾਰਜਕਾਲ ਦੌਰਾਨ ਅਹਿਮ ਪਹਿਲਕਦਮੀਆਂ ਕੀਤੀਆਂ।


 ਇਸ ਮੌਕੇ, ਸ਼੍ਰੀ ਸੌਂਦ ਵੱਲੋਂ ਪ੍ਰਸਿੱਧ ਅਦਾਕਾਰ ਸਵਰਗੀ ਸ. ਜਸਵਿੰਦਰ ਸਿੰਘ ਭੱਲਾ ਦੇ ਜੀਵਨ  ਨੂੰ ਦਰਸਾਉਂਦੀ ਇੱਕ ਕਿਤਾਬ ਵੀ ਜਾਰੀ ਕੀਤੀ ਗਈI  ਉਨ੍ਹਾਂ ਕਿਹਾ ਕਿ ਜਸਵਿੰਦਰ ਭੱਲਾ ਇੱਕ ਸ਼ਾਨਦਾਰ ਇਨਸਾਨ ਅਤੇ ਇੱਕ ਉਘੇ ਅਦਾਕਾਰ ਸਨ, ਜਿਨ੍ਹਾਂ ਦੇ ਪੰਜਾਬੀ ਫਿਲਮਾਂ, ਖਾਸ ਕਰਕੇ ਕਾਮੇਡੀ ਸ਼ੈਲੀ ਵਿੱਚ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ।


ਇਸ ਮੌਕੇ ਸ਼੍ਰੀ ਬਾਲ ਮੁਕੰਦ ਸ਼ਰਮਾ ਦੇ ਜੀਵਨ ਅਤੇ ਸਵਰਗੀ ਸ. ਜਸਵਿੰਦਰ ਸਿੰਘ ਭੱਲਾ ਨਾਲ ਉਨ੍ਹਾਂ ਦੇ ਭਰਾਵਾਂ ਵਾਲੇ ਰਿਸ਼ਤੇ ਨੂੰ ਦਰਸਾਉਂਦਾ ਇੱਕ ਮਨੋਰੰਜਕ ਕਲਾਤਮਕ ਚਿੱਤਰਣ ਵੀ ਪੇਸ਼ ਕੀਤਾ ਗਿਆ।


ਇਸ ਮੌਕੇ ਵੱਖ-ਵੱਖ ਉੱਦਮੀਆਂ, ਐਫਪੀਓ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.