ਤਾਜਾ ਖਬਰਾਂ
ਅਧਿਕਾਰੀਆਂ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਬੱਸ ਆਪਰੇਟਰ ਟੂਰਿਸਟ ਪਰਮਿਟ ਦੀ ਆੜ ਵਿੱਚ ਨਿਯਮਾਂ ਦੇ ਉਲਟ ਬੱਸਾਂ ਚਲਾ ਰਹੇ ਹਨ। ਇਸ ਤੋਂ ਇਲਾਵਾ ਟੈਕਸ ਦੀ ਅਦਾਇਗੀ ਨਾ ਕਰਨ ਅਤੇ ਬੱਸਾਂ ਵਿੱਚ ਨਿਰਧਾਰਤ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਉਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਸਨ।
ਆਰਟੀਓ ਮੋਹਾਲੀ ਹਰਪ੍ਰੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਸਹਾਇਕ ਆਰਟੀਓ ਗਗਨਦੀਪ ਸਿੰਘ ਅਤੇ ਟੀਮ ਵੱਲੋਂ ਕੀਤੀ ਗਈ ਜਾਂਚ ਦੌਰਾਨ ਬੱਸਾਂ ਦੇ ਪਰਮਿਟ, ਟੈਕਸ, ਫਿਟਨੈੱਸ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਆਲ ਇੰਡੀਆ ਟੂਰਿਸਟ ਪਰਮਿਟ ਤਹਿਤ ਚੱਲਣ ਵਾਲੀਆਂ ਬੱਸਾਂ ਲਈ ਨਿਰਧਾਰਤ ਟੈਕਸ ਅਦਾ ਕਰਨਾ ਅਤੇ ਪਰਮਿਟ ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ। ਬੱਸਾਂ ਵਿੱਚ ਸਿਰਫ਼ ਉਨ੍ਹਾਂ ਦੀ ਮਨਜ਼ੂਰਸ਼ੁਦਾ ਸੀਟਿੰਗ ਸਮਰੱਥਾ ਮੁਤਾਬਕ ਹੀ ਸਵਾਰੀਆਂ ਬਿਠਾਈਆਂ ਜਾ ਸਕਦੀਆਂ ਹਨ।
ਟਰਾਂਸਪੋਰਟ ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਟੂਰਿਸਟ ਪਰਮਿਟ ਵਾਲੀਆਂ ਬੱਸਾਂ ਨੂੰ ਢਾਬਿਆਂ, ਹੋਟਲਾਂ ਜਾਂ ਸੜਕ ਕਿਨਾਰੇ ਤੋਂ ਮਨਮਰਜ਼ੀ ਨਾਲ ਸਵਾਰੀਆਂ ਚੁੱਕਣ ਦੀ ਇਜਾਜ਼ਤ ਨਹੀਂ ਹੈ। ਜੇਕਰ ਕਿਸੇ ਬੱਸ ਵੱਲੋਂ ਪੰਜਾਬ ਮੋਟਰ ਵਹੀਕਲ ਟੈਕਸ ਦੀ ਅਦਾਇਗੀ ਨਾ ਕਰਨ ਜਾਂ ਹੋਰ ਗੰਭੀਰ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਬੱਸ ਜ਼ਬਤ ਕਰਨ ਸਮੇਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਵਿਭਾਗ ਨੇ ਕਿਹਾ ਕਿ ਮੋਹਾਲੀ, ਜ਼ੀਰਕਪੁਰ ਅਤੇ ਕੁਰਾਲੀ ਸਮੇਤ ਪੂਰੇ ਖੇਤਰ ਵਿੱਚ ਬੱਸਾਂ ਦੀ ਚੈਕਿੰਗ ਜਾਰੀ ਰਹੇਗੀ। ਖ਼ਸਤਾਹਾਲ ਜਾਂ ਫਿਟਨੈੱਸ ਮਾਪਦੰਡਾਂ ‘ਤੇ ਖ਼ਰੀਆਂ ਨਾ ਉਤਰਨ ਵਾਲੀਆਂ ਬੱਸਾਂ ਨੂੰ ਪਰਮਿਟ ਜਾਰੀ ਨਹੀਂ ਕੀਤਾ ਜਾਵੇਗਾ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸਵਾਰੀਆਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।
Get all latest content delivered to your email a few times a month.