ਤਾਜਾ ਖਬਰਾਂ
ਮੁਲਾਕਾਤ ਤੋਂ ਬਾਅਦ ਸਚਿਨ ਪਾਇਲਟ ਨੇ ਪੰਜਾਬ ਦੀ ਜ਼ਿੰਮੇਵਾਰੀ ਸੌਂਪਣ ਲਈ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਂਝੀ ਮਿਹਨਤ, ਮਜ਼ਬੂਤ ਸੰਗਠਨ ਅਤੇ ਪਾਰਟੀ ਵਰਕਰਾਂ ਦੀ ਊਰਜਾ ਦੇ ਬਲਬੂਤੇ ਕਾਂਗਰਸ ਪੰਜਾਬ ਵਿੱਚ ਮੁੜ ਸੱਤਾ ਹਾਸਲ ਕਰਨ ਲਈ ਪੂਰੀ ਤਾਕਤ ਨਾਲ ਕੰਮ ਕਰੇਗੀ।
ਪਾਇਲਟ ਨੇ ਕਿਹਾ ਕਿ ਪੰਜਾਬ ਦੇ ਬਿਹਤਰ ਭਵਿੱਖ ਲਈ ਕੰਮ ਕਰਨ ਦੇ ਨਾਲ ਕਿਸਾਨਾਂ, ਨੌਜਵਾਨਾਂ ਅਤੇ ਸਮਾਜ ਦੇ ਹਰ ਵਰਗ ਦੇ ਹੱਕਾਂ ਦੀ ਰੱਖਿਆ ਕਰਨਾ ਵੀ ਪਾਰਟੀ ਦੀ ਤਰਜੀਹ ਰਹੇਗੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸਚਿਨ ਪਾਇਲਟ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦੇ ਚੁੱਕੇ ਹਨ। ਇਸ ਦੌਰਾਨ ਦੋਵਾਂ ਆਗੂਆਂ ਨੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਸੂਤਰਾਂ ਅਨੁਸਾਰ ਸਚਿਨ ਪਾਇਲਟ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਦੌਰਾ ਕਰ ਸਕਦੇ ਹਨ। ਇਸ ਦੌਰੇ ਦੌਰਾਨ ਉਹ ਸੂਬਾ ਕਾਂਗਰਸ ਦੇ ਸੀਨੀਅਰ ਆਗੂਆਂ, ਵਿਧਾਇਕਾਂ, ਸਾਬਕਾ ਮੰਤਰੀਆਂ ਅਤੇ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗਾਂ ਕਰ ਸਕਦੇ ਹਨ।
ਇਨ੍ਹਾਂ ਬੈਠਕਾਂ ਵਿੱਚ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀ ਰਣਨੀਤੀ ਅਤੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਰੋਡਮੈਪ ਤਿਆਰ ਕਰਨ ‘ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ।
ਕਾਂਗਰਸ ਹਾਈਕਮਾਨ ਨੇ 5 ਸਤੰਬਰ ਨੂੰ ਸੰਗਠਨਾਤਮਕ ਫੇਰਬਦਲ ਕਰਦਿਆਂ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਭੁਪੇਸ਼ ਬਘੇਲ ਕੋਲ ਸੀ। ਬਘੇਲ ਨੂੰ ਹੁਣ ਅਸਾਮ ਕਾਂਗਰਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਪੰਜਾਬ ਕਾਂਗਰਸ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੀ ਅੰਦਰੂਨੀ ਖਿੱਚੋਤਾਣ ਦੇ ਮੱਦੇਨਜ਼ਰ ਪਾਇਲਟ ਦੀ ਨਿਯੁਕਤੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਸਚਿਨ ਪਾਇਲਟ ਲਈ ਸਭ ਤੋਂ ਵੱਡੀ ਚੁਣੌਤੀ ਪਾਰਟੀ ਅੰਦਰਲੀ ਧੜੇਬੰਦੀ ਨੂੰ ਖਤਮ ਕਰਕੇ ਆਗੂਆਂ ਅਤੇ ਵਰਕਰਾਂ ਨੂੰ ਇੱਕਜੁੱਟ ਕਰਨਾ ਹੋਵੇਗੀ। ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁੜੇ ਧੜਿਆਂ ਵਿਚਾਲੇ ਮਤਭੇਦ ਪਿਛਲੇ ਸਮੇਂ ਦੌਰਾਨ ਕਈ ਵਾਰ ਸਾਹਮਣੇ ਆ ਚੁੱਕੇ ਹਨ।
2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਸੰਗਠਨ ਨੂੰ ਜ਼ਮੀਨੀ ਪੱਧਰ ਤੱਕ ਮਜ਼ਬੂਤ ਕਰਨਾ ਅਤੇ ਆਗੂਆਂ ਵਿਚਾਲੇ ਏਕਤਾ ਕਾਇਮ ਕਰਨਾ ਵੱਡੀ ਤਰਜੀਹ ਹੋਵੇਗੀ। ਪਾਇਲਟ ਨੂੰ ਸੀਨੀਅਰ ਆਗੂਆਂ ਵਿਚਾਲੇ ਮਤਭੇਦ ਸੁਲਝਾਉਣ ਦੇ ਨਾਲ-ਨਾਲ ਪਾਰਟੀ ਦੇ ਵਰਕਰਾਂ ਨੂੰ ਵੀ ਮੁੜ ਸਰਗਰਮ ਕਰਨਾ ਪਵੇਗਾ।
Get all latest content delivered to your email a few times a month.