ਤਾਜਾ ਖਬਰਾਂ
ਜ਼ਿਲ੍ਹਾ ਹੁਸ਼ਿਆਰਪੁਰ ਦੇ ਹਾਜੀਪੁਰ ਕਸਬੇ ਤੋਂ ਇੱਕ ਬੇਹੱਦ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਰਿਵਾਰਕ ਝਗੜੇ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇੱਥੇ ਇੱਕ ਭਤੀਜੇ ਨੇ ਘਰੇਲੂ ਵਿਵਾਦ ਦੇ ਚਲਦਿਆਂ ਆਪਣੇ ਹੀ ਚਾਚੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਮਹਿੰਦਰ ਸਿੰਘ ਵਜੋਂ ਹੋਈ ਹੈ, ਜੋ ਸਿੱਖਿਆ ਵਿਭਾਗ ਤੋਂ ਰਿਟਾਇਰਡ ਅਧਿਆਪਕ ਸਨ ਅਤੇ ਇਲਾਕੇ ਵਿੱਚ ਲੰਬਰਦਾਰ ਵਜੋਂ ਸੇਵਾਵਾਂ ਨਿਭਾ ਰਹੇ ਸਨ।
ਮਿਲੀ ਜਾਣਕਾਰੀ ਅਨੁਸਾਰ ਇਹ ਖ਼ੂਨੀ ਵਾਰਦਾਤ ਦੇਰ ਸ਼ਾਮ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਸਿੰਘ ਨਾਮਕ ਨੌਜਵਾਨ ਦੀ ਆਪਣੇ ਚਾਚੇ ਮਹਿੰਦਰ ਸਿੰਘ ਨਾਲ ਕਿਸੇ ਘਰੇਲੂ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਦੇਖਦੇ ਹੀ ਦੇਖਦੇ ਮਾਮਲਾ ਐਨਾ ਵਿਗੜ ਗਿਆ ਕਿ ਤੈਸ਼ 'ਚ ਆਏ ਸਰਬਜੀਤ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਮਹਿੰਦਰ ਸਿੰਘ 'ਤੇ ਤਾਬੜਤੋੜ ਵਾਰ ਕਰ ਦਿੱਤੇ। ਲਹੂ-ਲੁਹਾਨ ਹਾਲਤ 'ਚ ਪਰਿਵਾਰ ਵਾਲੇ ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਹਾਜੀਪੁਰ ਲੈ ਕੇ ਪਹੁੰਚੇ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਘਟਨਾ ਦੀ ਇਤਲਾਹ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੁਕੇਰੀਆਂ ਭੇਜ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ 'ਚ ਕਤਲ ਦਾ ਕਾਰਨ ਪਰਿਵਾਰਕ ਕਲੇਸ਼ ਹੀ ਸਾਹਮਣੇ ਆ ਰਿਹਾ ਹੈ। ਫ਼ਰਾਰ ਮੁਲਜ਼ਮ ਸਰਬਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦਾਅਵਾ ਕੀਤਾ ਹੈ ਕਿ ਉਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
Get all latest content delivered to your email a few times a month.