ਤਾਜਾ ਖਬਰਾਂ
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਹਾਈ-ਸਿਕਿਓਰਿਟੀ ਆਪ੍ਰੇਸ਼ਨਲ ਏਰੀਆ ਵਿੱਚ ਐਤਵਾਰ ਰਾਤ ਉਸ ਸਮੇਂ ਭਾਰੀ ਅਫ਼ਰਾ-ਤਫ਼ਰੀ ਮਚ ਗਈ, ਜਦੋਂ 2 ਤੋਂ 4 ਸ਼ੱਕੀ ਡਰੋਨਾਂ ਦੀ ਗਤੀਵਿਧੀ ਦੇਖੀ ਗਈ। ਰਾਤ ਕਰੀਬ 10 ਵਜੇ ਰੁਧਲਾ ਅਤੇ ਰਾਜਾਲਾ ਪਿੰਡਾਂ ਦੀ ਦਿਸ਼ਾ ਤੋਂ ਆਏ ਇਹ ਡਰੋਨ ਹਵਾਈ ਅੱਡੇ ਦੇ ਰਨਵੇਅ ਅਤੇ ਆਸ-ਪਾਸ ਦੇ ਬੇਹੱਦ ਸੰਵੇਦਨਸ਼ੀਲ ਇਲਾਕੇ ਉੱਤੇ ਕਈ ਮਿੰਟਾਂ ਤੱਕ ਮੰਡਰਾਉਂਦੇ ਰਹੇ। ਘਟਨਾ ਤੋਂ ਬਾਅਦ ਏਅਰ ਟ੍ਰੈਫਿਕ ਕੰਟਰੋਲ (ATC) ਨੇ ਤੁਰੰਤ ਰੈੱਡ ਅਲਰਟ ਜਾਰੀ ਕਰਦਿਆਂ ਸੀ.ਆਈ.ਐੱਸ.ਐੱਫ. (CISF), ਪੰਜਾਬ ਪੁਲਿਸ ਅਤੇ ਹੋਰ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ।
ਰਨਵੇਅ ਦੇ ਬਿਲਕੁਲ ਉੱਪਰ ਸ਼ੱਕੀ ਉੱਡਦੀਆਂ ਵਸਤੂਆਂ ਦੇਖੇ ਜਾਣ ਤੋਂ ਬਾਅਦ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਮ੍ਰਿਤਸਰ ਲੈਂਡ ਕਰਨ ਵਾਲੀਆਂ 7 ਪ੍ਰਮੁੱਖ ਉਡਾਣਾਂ ਦੇ ਰੂਟ ਤੁਰੰਤ ਬਦਲ ਦਿੱਤੇ ਗਏ। ਏਟੀਸੀ ਦੇ ਹੁਕਮਾਂ ਤੋਂ ਬਾਅਦ ਇਨ੍ਹਾਂ ਜਹਾਜ਼ਾਂ ਨੂੰ ਦਿੱਲੀ ਅਤੇ ਚੰਡੀਗੜ੍ਹ ਹਵਾਈ ਅੱਡਿਆਂ ਵੱਲ ਰਵਾਨਾ ਕੀਤਾ ਗਿਆ:
ਕੁਆਲਾਲੰਪੁਰ ਤੋਂ ਅੰਮ੍ਰਿਤਸਰ: ਮਲੇਸ਼ੀਆ ਏਅਰਲਾਈਨਜ਼ (MH-118) — ਦਿੱਲੀ ਡਾਇਵਰਟ
ਸ਼ਾਰਜਾਹ ਤੋਂ ਅੰਮ੍ਰਿਤਸਰ: ਇੰਡੀਗੋ (6E-1428) ਅਤੇ ਏਅਰ ਇੰਡੀਆ ਐਕਸਪ੍ਰੈਸ (IX-138) — ਦਿੱਲੀ ਡਾਇਵਰਟ
ਦਿੱਲੀ ਤੋਂ ਅੰਮ੍ਰਿਤਸਰ: ਏਅਰ ਇੰਡੀਆ (AI-479 ਅਤੇ AI-855) — ਦਿੱਲੀ ਵਾਪਸ ਮੋੜੀਆਂ
ਮੁੰਬਈ ਤੋਂ ਅੰਮ੍ਰਿਤਸਰ: ਇੰਡੀਗੋ (6E-5028) — ਚੰਡੀਗੜ੍ਹ ਡਾਇਵਰਟ
ਦਿੱਲੀ ਤੋਂ ਅੰਮ੍ਰਿਤਸਰ: ਇੰਡੀਗੋ (6E-2045) — ਚੰਡੀਗੜ੍ਹ ਡਾਇਵਰਟ
ਸਰਹੱਦੀ ਇਲਾਕਾ ਹੋਣ ਕਾਰਨ ਹਵਾਈ ਅੱਡੇ ਦੇ ਆਲੇ-ਦੁਆਲੇ ਡਰੋਨਾਂ ਦੀ ਇਸ ਘੁਸਪੈਠ ਨੂੰ ਸੁਰੱਖਿਆ ਵਿੱਚ ਵੱਡੀ ਸੰਨ੍ਹ ਵਜੋਂ ਦੇਖਿਆ ਜਾ ਰਹਾ ਹੈ। ਘਟਨਾ ਤੋਂ ਤੁਰੰਤ ਬਾਅਦ ਪੰਜਾਬ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਹਵਾਈ ਅੱਡੇ ਦੇ ਨਾਲ ਲੱਗਦੇ ਪਿੰਡਾਂ ਵਿੱਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਡਰੋਨ ਆਪ੍ਰੇਟਰਾਂ ਅਤੇ ਇਸ ਦੇ ਮਕਸਦ ਦਾ ਪਤਾ ਲਗਾਇਆ ਜਾ ਸਕੇ।
Get all latest content delivered to your email a few times a month.