ਤਾਜਾ ਖਬਰਾਂ
ਥਾਣਾ ਸਦਰ ਜਗਰਾਉਂ ਦੇ ਐੱਸ.ਐੱਚ.ਓ. ਸੁਖਵਿੰਦਰ ਸਿੰਘ ਦਿਓਲ ਅਨੁਸਾਰ 3 ਸਤੰਬਰ ਦੀ ਸ਼ਾਮ ਕਰੀਬ 6 ਵਜੇ ਮਨਜੀਤ ਕੌਰ ਦੀ ਮੌਤ ਹੋ ਗਈ ਸੀ। ਦੇਰ ਹੋਣ ਕਾਰਨ ਮ੍ਰਿਤਕਾ ਦੀ ਲਾਸ਼ ਨੂੰ ਮੋਰਚਰੀ ਵਿੱਚ ਰਖਵਾਇਆ ਗਿਆ। ਪਰਿਵਾਰ ਨੇ ਪਹਿਲਾਂ ਮੌਤ ਨੂੰ ਕੁਦਰਤੀ ਸਮਝਦਿਆਂ ਅਗਲੇ ਦਿਨ ਦੋਹਤੇ ਗੁਰਕੀਰਤ ਦੀਆਂ ਗੱਲਾਂ ’ਤੇ ਭਰੋਸਾ ਕਰ ਲਿਆ ਅਤੇ ਧਾਰਾ 194 ਤਹਿਤ ਕਾਰਵਾਈ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ।
ਹਾਲਾਂਕਿ, ਬਾਅਦ ਵਿੱਚ ਪਰਿਵਾਰਕ ਮੈਂਬਰਾਂ ਨੂੰ ਮੌਤ ਦੇ ਕਾਰਨਾਂ ’ਤੇ ਸ਼ੱਕ ਹੋਇਆ। ਇਸ ਤੋਂ ਬਾਅਦ ਜਦੋਂ ਗੁਆਂਢੀ ਦੇ ਘਰ ਲੱਗੇ CCTV ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਮਾਮਲਾ ਉਲਟ ਨਿਕਲਿਆ। ਫੁਟੇਜ ਵਿੱਚ 3 ਸਤੰਬਰ ਦੀ ਸ਼ਾਮ ਕਰੀਬ ਸਾਢੇ 5 ਵਜੇ ਗੁਰਕੀਰਤ ਆਪਣੀ ਨਾਨੀ ਨਾਲ ਝਗੜਾ ਕਰਦਾ ਅਤੇ ਉਸ ਤੋਂ ਬਾਅਦ ਕਥਿਤ ਤੌਰ ’ਤੇ ਉਸ ਨਾਲ ਹਿੰਸਕ ਹਰਕਤ ਕਰਦਾ ਨਜ਼ਰ ਆਇਆ।
ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਗੁਰਕੀਰਤ ਸਿੰਘ ਉਰਫ਼ ਗੋਰਾ ਨੇ ਕਥਿਤ ਤੌਰ ’ਤੇ ਨਾਨੀ ਦਾ ਘਰ ਅਤੇ ਹੋਰ ਜਾਇਦਾਦ ਆਪਣੇ ਨਾਮ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਹ ਇਸ ਸਬੰਧੀ ਨਾਨੀ ’ਤੇ ਕਈ ਵਾਰ ਦਬਾਅ ਵੀ ਬਣਾ ਚੁੱਕਾ ਸੀ, ਪਰ ਮਨਜੀਤ ਕੌਰ ਜਾਇਦਾਦ ਉਸ ਦੇ ਨਾਮ ਕਰਨ ਲਈ ਤਿਆਰ ਨਹੀਂ ਸੀ।
ਮ੍ਰਿਤਕਾ ਦੀ ਧੀ ਅਤੇ ਮੁਲਜ਼ਮ ਦੀ ਮਾਸੀ ਕੁਲਵਿੰਦਰ ਕੌਰ ਦੀ ਸ਼ਿਕਾਇਤ ’ਤੇ ਪੁਲਿਸ ਨੇ CCTV ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਪਹਿਲਾਂ ਕੀਤੀ ਗਈ ਕਾਰਵਾਈ ਨੂੰ ਰੱਦ ਕਰਦਿਆਂ ਗੁਰਕੀਰਤ ਸਿੰਘ ਉਰਫ਼ ਗੋਰਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਜਾਇਦਾਦ ਦੀ ਲਾਲਚ ਕਿਸ ਹੱਦ ਤੱਕ ਖੂਨੀ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕਰ ਸਕਦੀ ਹੈ।
Get all latest content delivered to your email a few times a month.