ਤਾਜਾ ਖਬਰਾਂ
ਐਡਵੋਕੇਟ ਧਾਮੀ ਮੁਤਾਬਕ ਪਹਿਲੇ ਦਿਨ ਸ੍ਰੀ ਰਾਮਦਾਸ ਲੰਗਰ ਸਾਹਿਬ ਵਿਖੇ ਟਾਟ ਦੇ ਹੇਠੋਂ ਸੁਖਮਨੀ ਸਾਹਿਬ ਦਾ ਇੱਕ ਅੰਗ ਮਿਲਿਆ ਸੀ। ਇਸ ਤੋਂ ਬਾਅਦ ਮੈਨੇਜਰ ਨੂੰ CCTV ਫੁਟੇਜ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ। ਅਗਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਰਾਮਦੇ ਵਿੱਚ ਬੈਠੀ ਇੱਕ ਬੀਬੀ ਦੀ ਚੁੰਨੀ ਨਾਲ ਬੰਨ੍ਹੇ ਹੋਏ ਗੁਟਕਾ ਸਾਹਿਬ ਦੇ ਹੋਰ ਅੰਗ ਵੀ ਬਰਾਮਦ ਹੋਏ।
ਐਸਜੀਪੀਸੀ ਸਟਾਫ਼ ਅਤੇ CCTV ਟੀਮ ਵੱਲੋਂ ਕੀਤੀ ਗਈ ਜਾਂਚ ਦੌਰਾਨ ਡਿਊਟੀ ਐਂਟਰੀ ਰਜਿਸਟਰਾਂ ਨਾਲ ਫੁਟੇਜ ਦਾ ਮਿਲਾਨ ਕੀਤਾ ਗਿਆ। ਇਸ ਪੂਰੀ ਜਾਂਚ ਤੋਂ ਬਾਅਦ ਮੁਲਜ਼ਮ ਦੀ ਪਛਾਣ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਨਾਲ ਸਬੰਧਤ ਇੱਕ ਵਿਅਕਤੀ ਵਜੋਂ ਹੋਈ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਗੁਟਕਾ ਸਾਹਿਬ ਇਸ ਸਮੇਂ ਪੁਲਿਸ ਦੇ ਕਬਜ਼ੇ ਵਿੱਚ ਹੈ। ਘਟਨਾ ਨਾਲ ਸਬੰਧਤ ਸਬੂਤਾਂ ਦੀ ਵੀਡੀਓਗ੍ਰਾਫ਼ੀ ਪੂਰੀ ਹੋਣ ਤੋਂ ਬਾਅਦ ਗੁਟਕਾ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਜਾਵੇਗਾ।
ਮੁਲਜ਼ਮ ਦੇ ਪਰਿਵਾਰ ਵੱਲੋਂ ਉਸ ਨੂੰ ਮਾਨਸਿਕ ਤੌਰ ’ਤੇ ਬਿਮਾਰ ਦੱਸੇ ਜਾਣ ਸਬੰਧੀ ਐਡਵੋਕੇਟ ਧਾਮੀ ਨੇ ਕਿਹਾ ਕਿ ਉਹ ਇਸ ਦਾਅਵੇ ਨੂੰ ਸਵੀਕਾਰ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਧਾਰਮਿਕ ਗ੍ਰੰਥਾਂ ਨਾਲ ਅਜਿਹੀ ਘਟਨਾ ਵਾਪਰਨਾ ਬੇਹੱਦ ਦੁਖਦਾਈ ਹੈ। ਐਡਵੋਕੇਟ ਧਾਮੀ ਨੇ ਸੰਗਤਾਂ ਨੂੰ ਅਜਿਹੀਆਂ ਘਟਨਾਵਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਅਰਦਾਸ ਕੀਤੀ ਕਿ ਗੁਰੂ ਸਾਹਿਬ ਸੰਗਤਾਂ ’ਤੇ ਮਿਹਰ ਬਣਾਈ ਰੱਖਣ ਅਤੇ ਭਵਿੱਖ ਵਿੱਚ ਅਜਿਹੀ ਘਟਨਾ ਮੁੜ ਨਾ ਵਾਪਰੇ।
Get all latest content delivered to your email a few times a month.