ਤਾਜਾ ਖਬਰਾਂ
ਬਰਨਾਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭਦੌੜ ਅਧੀਨ ਪੈਂਦੇ ਪਿੰਡ ਕਾਲੇਕੇ ਵਿਖੇ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਛੱਪੜ ਵਿੱਚ ਤੈਰਦਾ ਗੈਸ ਸਿਲੰਡਰ ਕੱਢਣ ਦੀ ਕੋਸ਼ਿਸ਼ ਵਿੱਚ ਇੱਕ ਗਰੀਬ ਪਰਿਵਾਰ ਦੇ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ 30 ਸਾਲਾ ਹਰਦੀਪ ਸਿੰਘ (ਪੁੱਤਰ ਕਾਲਾ ਸਿੰਘ) ਵਜੋਂ ਹੋਈ ਹੈ, ਜੋ ਦਿਹਾੜੀ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 8:30 ਵਜੇ ਹਰਦੀਪ ਸਿੰਘ ਆਪਣੇ ਚਾਚੇ ਗੁਰਤੇਜ ਸਿੰਘ ਨਾਲ ਕੰਮ 'ਤੇ ਜਾ ਰਿਹਾ ਸੀ। ਪਿੰਡ ਦੇ ਛੱਪੜ ਕੋਲੋਂ ਲੰਘਦਿਆਂ ਉਸ ਦੀ ਨਜ਼ਰ ਪਾਣੀ 'ਚ ਤੈਰਦੇ ਇੱਕ ਗੈਸ ਸਿਲੰਡਰ 'ਤੇ ਪਈ। ਸਿਲੰਡਰ ਬਾਹਰ ਕੱਢਣ ਲਈ ਹਰਦੀਪ ਨੇ ਬਿਨਾਂ ਸੋਚੇ-ਸਮਝੇ ਛੱਪੜ 'ਚ ਛਾਲ ਮਾਰ ਦਿੱਤੀ। ਛੱਪੜ 'ਚ ਜ਼ਿਆਦਾ ਦਲਦਲ ਹੋਣ ਕਾਰਨ ਉਹ ਗਾੜ੍ਹੇ ਚਿੱਕੜ 'ਚ ਫਸ ਗਿਆ। ਉਸ ਦੇ ਚਾਚੇ ਵੱਲੋਂ ਰੌਲਾ ਪਾਉਣ ਅਤੇ ਬਾਹਰ ਬੁਲਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਅੱਖਾਂ ਦੇ ਸਾਹਮਣੇ ਪਾਣੀ 'ਚ ਡੁੱਬ ਗਿਆ।
ਹਾਦਸੇ ਦੀ ਖ਼ਬਰ ਫੈਲਦਿਆਂ ਹੀ ਪੂਰਾ ਪਿੰਡ ਮੌਕੇ 'ਤੇ ਇਕੱਠਾ ਹੋ ਗਿਆ। ਪਿੰਡ ਵਾਸੀਆਂ ਨੇ ਟਰੈਕਟਰਾਂ ਅਤੇ ਰੱਸਿਆਂ ਦੀ ਮਦਦ ਨਾਲ ਨੌਜਵਾਨ ਦੀ ਭਾਲ ਕੀਤੀ ਪਰ ਸਫ਼ਲਤਾ ਨਹੀਂ ਮਿਲੀ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਘਟਨਾ ਦੇ 3 ਘੰਟੇ ਬੀਤ ਜਾਣ ਦੇ ਬਾਵਜੂਦ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ ਅਤੇ ਛੱਪੜ ਦੇ ਆਲੇ-ਦੁਆਲੇ ਕੋਈ ਸੁਰੱਖਿਆ ਚਾਰਦੀਵਾਰੀ ਵੀ ਨਹੀਂ ਸੀ। ਆਖ਼ਰਕਾਰ ਪਿੰਡ ਵਾਸੀਆਂ ਨੇ ਨਿਜੀ ਤੌਰ 'ਤੇ 'ਬੰਟੀ ਸਿੰਘ ਰੈਸਕਿਊ ਟੀਮ' ਨੂੰ ਬੁਲਾਇਆ, ਜਿਨ੍ਹਾਂ ਨੇ ਕਰੀਬ 11 ਵਜੇ ਮੌਕੇ 'ਤੇ ਪਹੁੰਚ ਕੇ ਅੱਧੇ ਘੰਟੇ ਦੀ ਕੜੀ ਮਿਹਨਤ ਤੋਂ ਬਾਅਦ ਹਰਦੀਪ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ।
ਮ੍ਰਿਤਕ ਦੀ ਮਾਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਹ ਆਪਣੇ ਪਿਤਾ ਤੇ ਭਰਾ ਨਾਲ ਰਹਿ ਰਿਹਾ ਸੀ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ 'ਚ ਚੀਕ-ਚਿਹਾਰਾ ਮਚ ਗਿਆ ਹੈ ਅਤੇ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ।
Get all latest content delivered to your email a few times a month.