ਤਾਜਾ ਖਬਰਾਂ
ਮਹਿਲਾ ਏਸ਼ੀਆ ਕੱਪ 2026 ਵਿੱਚ ਭਾਰਤੀ ਟੀਮ ਦਾ ਬੈਕ-ਟੂ-ਬੈਕ ਧਮਾਕੇਦਾਰ ਪ੍ਰਦਰਸ਼ਨ ਜਾਰੀ ਹੈ। ਆਪਣੇ ਤੀਜੇ ਮੁਕਾਬਲੇ ਵਿੱਚ ਭਾਰਤ ਨੇ ਚਿਰ-ਪ੍ਰਤੀਦਵੰਦੀ ਪਾਕਿਸਤਾਨ ਨੂੰ ਕਰਾਰੀ ਹਾਰ ਦੇ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਦੋਵਾਂ ਵਿਭਾਗਾਂ 'ਚ ਉੱਤਮ ਖੇਡ ਦਾ ਮੁਜ਼ਾਹਰਾ ਕਰਨ ਦੇ ਨਾਲ-ਨਾਲ ਭਾਰਤੀ ਖਿਡਾਰੀਆਂ ਨੇ ਕਈ ਵਿਸ਼ਵ ਰਿਕਾਰਡ ਵੀ ਆਪਣੇ ਨਾਂ ਕੀਤੇ। ਇਸ ਮੈਚ ਦੌਰਾਨ ਧਾਕੜ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ।
ਪਾਕਿਸਤਾਨ ਵਿਰੁੱਧ 12 ਦੌੜਾਂ ਦੀ ਪਾਰੀ ਖੇਡਦਿਆਂ ਹੀ ਸ਼ੈਫਾਲੀ ਵਰਮਾ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 3,000 ਦੌੜਾਂ ਦਾ ਅੰਕੜਾ ਪਾਰ ਕਰਨ ਵਾਲੀ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਬਣ ਗਈ ਹੈ। ਆਪਣੇ 114ਵੇਂ ਮੈਚ 'ਚ ਇਹ ਉਪਲਬਧੀ ਹਾਸਲ ਕਰਦਿਆਂ ਉਸ ਦੇ ਖਾਤੇ 'ਚ ਹੁਣ 3,005 ਦੌੜਾਂ ਦਰਜ ਹੋ ਗਈਆਂ ਹਨ।
ਸ਼ੈਫਾਲੀ ਨੇ ਇਹ ਇਤਿਹਾਸਕ ਮੀਲ ਪੱਥਰ ਮਹਿਜ਼ 22 ਸਾਲ 220 ਦਿਨ ਦੀ ਉਮਰ 'ਚ ਛੂਹ ਕੇ ਆਇਰਲੈਂਡ ਦੀ ਗੈਬੀ ਲੁਈਸ (24 ਸਾਲ 347 ਦਿਨ) ਦਾ ਰਿਕਾਰਡ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਭਾਰਤ ਦੀ ਸਮ੍ਰਿਤੀ ਮੰਧਾਨਾ ਨੇ 27 ਸਾਲ 171 ਦਿਨ ਦੀ ਉਮਰ 'ਚ ਇਹ ਪੜਾਅ ਤੈਅ ਕੀਤਾ ਸੀ।
ਆਪਣੀ ਹਮਲਾਵਰ ਬੱਲੇਬਾਜ਼ੀ ਲਈ ਜਾਣੀ ਜਾਂਦੀ ਸ਼ੈਫਾਲੀ ਵਰਮਾ ਹੁਣ ਸਮ੍ਰਿਤੀ ਮੰਧਾਨਾ ਅਤੇ ਕਪਤਾਨ ਹਰਮਨਪ੍ਰੀਤ ਕੌਰ ਤੋਂ ਬਾਅਦ ਟੀ-20 ਅੰਤਰਰਾਸ਼ਟਰੀ 'ਚ 3,000 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲੀ ਤੀਜੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ। ਏਸ਼ੀਆ ਕੱਪ 'ਚ ਟੀਮ ਇੰਡੀਆ ਦੀ ਇਸ ਦਮਦਾਰ ਜਿੱਤ ਅਤੇ ਸ਼ੈਫਾਲੀ ਦੇ ਇਸ ਵਿਸ਼ਵ ਰਿਕਾਰਡ ਨਾਲ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ ਹੈ।
Get all latest content delivered to your email a few times a month.