ਤਾਜਾ ਖਬਰਾਂ
ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ 'ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ-2026' (SIR) ਪ੍ਰਕਿਰਿਆ ਦੇ ਤਹਿਤ ਅੱਜ ਪੂਰੇ ਪੰਜਾਬ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ੇਸ਼ ਬੂਥ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਪੋਲਿੰਗ ਸਟੇਸ਼ਨਾਂ 'ਤੇ ਪਹੁੰਚੇ ਵੋਟਰਾਂ ਨੂੰ ਨਾ ਕੇਵਲ ਐੱਸ.ਆਈ.ਆਰ. ਪ੍ਰਕਿਰਿਆ ਬਾਰੇ ਜਾਗਰੂਕ ਕੀਤਾ ਗਿਆ, ਬਲਕਿ ਵੋਟਰ ਸੂਚੀ ਵਿੱਚ ਵੇਰਵਿਆਂ ਦੀ ਗੜਬੜੀ ਜਾਂ ਡਾਟਾ ਮੈਚ ਨਾ ਹੋਣ ਕਾਰਨ ਨੋਟਿਸ ਪ੍ਰਾਪਤ ਕਰਨ ਵਾਲੇ ਲੋਕਾਂ ਦੇ ਦਸਤਾਵੇਜ਼ਾਂ ਦੀ ਤਸਦੀਕ ਵੀ ਕੀਤੀ ਗਈ।
ਕੈਂਪਾਂ ਦੌਰਾਨ ਨਾਇਬ ਤਹਿਸੀਲਦਾਰ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ (AERO) ਅਤੇ ਬੂਥ ਲੈਵਲ ਅਫ਼ਸਰਾਂ (BLO) ਨੇ ਪਹੁੰਚ ਕੇ ਵੋਟਰਾਂ ਦੇ ਪਛਾਣ ਪੱਤਰਾਂ ਤੇ ਰਿਹਾਇਸ਼ੀ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਨਮ ਮਿਤੀ ਦੇ ਹਿਸਾਬ ਨਾਲ ਦਸਤਾਵੇਜ਼ੀ ਸ਼ਰਤਾਂ ਵੱਖ-ਵੱਖ ਹਨ—
1 ਜੁਲਾਈ 1987 ਤੋਂ ਪਹਿਲਾਂ ਜਨਮੇ ਵੋਟਰਾਂ ਲਈ ਇੱਕ ਵੈਧ ਦਸਤਾਵੇਜ਼ ਜ਼ਰੂਰੀ ਹੈ।
1 ਜੁਲਾਈ 1987 ਤੋਂ 2 ਦਸੰਬਰ 2004 ਵਿਚਕਾਰ ਜਨਮੇ ਵੋਟਰਾਂ ਨੂੰ ਆਪਣੇ ਦਸਤਾਵੇਜ਼ ਦੇ ਨਾਲ ਮਾਤਾ ਜਾਂ ਪਿਤਾ ਵਿੱਚੋਂ ਕਿਸੇ ਇੱਕ ਦਾ ਪ੍ਰਮਾਣ ਦੇਣਾ ਹੋਵੇਗਾ।
2 ਦਸੰਬਰ 2004 ਤੋਂ ਬਾਅਦ ਜਨਮੇ ਵੋਟਰਾਂ ਲਈ ਆਪਣੇ ਦਸਤਾਵੇਜ਼ਾਂ ਦੇ ਨਾਲ-ਨਾਲ ਮਾਤਾ-ਪਿਤਾ ਦੋਵਾਂ ਦੇ ਨਿਰਧਾਰਤ ਦਸਤਾਵੇਜ਼ ਜਮ੍ਹਾਂ ਕਰਵਾਉਣੇ ਲਾਜ਼ਮੀ ਕੀਤੇ ਗਏ ਹਨ।
ਬੂਥ ਲੈਵਲ ਅਫ਼ਸਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਨਾਗਰਿਕਾਂ ਦੇ ਨਾਂ ਡਰਾਫਟ ਵੋਟਰ ਸੂਚੀ ਵਿੱਚ ਦਰਜ ਨਹੀਂ ਹਨ, ਉਹ ਫਾਰਮ-6 ਭਰ ਕੇ ਨਵੇਂ ਵੋਟਰ ਵਜੋਂ ਅਰਜ਼ੀ ਦੇ ਸਕਦੇ ਹਨ। ਇਸ ਤੋਂ ਇਲਾਵਾ ਨਾਂ, ਪਤੇ ਜਾਂ ਹੋਰ ਜਾਣਕਾਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਤਰੁਟੀ ਨੂੰ ਦਰੁਸਤ ਕਰਵਾਉਣ ਲਈ ਫਾਰਮ-8 ਦੀ ਵਰਤੋਂ ਕੀਤੀ ਜਾ ਸਕਦੀ ਹੈ। ਚੋਣ ਅਧਿਕਾਰੀਆਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਤ ਸਮੇਂ ਦੇ ਅੰਦਰ ਆਪਣੇ ਲੋੜੀਂਦੇ ਕਾਗਜ਼ਾਤ ਜਮ੍ਹਾਂ ਕਰਵਾ ਕੇ ਵੋਟਰ ਸੂਚੀ ਵਿੱਚ ਆਪਣਾ ਰਿਕਾਰਡ ਦਰੁਸਤ ਕਰਵਾਉਣ।
Get all latest content delivered to your email a few times a month.