ਤਾਜਾ ਖਬਰਾਂ
ਮੋਗਾ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਇੱਕ ਨਿੱਜੀ ਬੱਸ ਵਿੱਚ ਸੀਟ 'ਤੇ ਬੈਠਣ ਨੂੰ ਲੈ ਕੇ ਸ਼ੁਰੂ ਹੋਈ ਮਾਮੂਲੀ ਬਹਿਸ ਨੇ ਕੁਝ ਹੀ ਦੇਰ ਵਿੱਚ ਹੰਗਾਮੇ ਦਾ ਰੂਪ ਧਾਰਨ ਕਰ ਲਿਆ। ਮੋਗਾ ਬੱਸ ਅੱਡੇ ਤੋਂ ਕੁਝ ਹੀ ਦੂਰੀ 'ਤੇ ਵਾਪਰੀ ਇਸ ਘਟਨਾ ਦੌਰਾਨ ਇੱਕ ਮਹਿਲਾ ਨਾਲ ਹੋਰ ਸਵਾਰੀਆਂ ਵੱਲੋਂ ਕਥਿਤ ਤੌਰ 'ਤੇ ਧੱਕਾਮੁੱਕੀ ਅਤੇ ਕੁੱਟਮਾਰ ਕੀਤੀ ਗਈ। ਸੜਕ 'ਤੇ ਲੱਗੇ ਭਾਰੀ ਜਮਘਟੇ ਤੋਂ ਬਾਅਦ ਪਹੁੰਚੀ ਪੁਲਿਸ ਟੀਮ ਨੇ ਦੋਵਾਂ ਧਿਰਾਂ ਨੂੰ ਥਾਣੇ ਲਿਆ ਕੇ ਮਾਮਲਾ ਸ਼ਾਂਤ ਕਰਵਾਇਆ।
ਬੱਸ ਦੇ ਕੰਡਕਟਰ ਨੇ ਇਲਜ਼ਾਮ ਲਾਇਆ ਕਿ ਬੱਸ ਚੱਲਣ ਤੋਂ ਬਾਅਦ ਉਕਤ ਮਹਿਲਾ ਲਗਾਤਾਰ ਬਹਿਸ ਕਰ ਰਹੀ ਸੀ ਅਤੇ ਉਸ ਨੇ ਬੱਸ 'ਚ ਸਵਾਰ ਦੋ ਲੜਕੀਆਂ ਬਾਰੇ ਅਭੱਦਰ ਸ਼ਬਦਾਵਲੀ ਵਰਤੀ। ਜਦੋਂ ਮਹਿਲਾ ਨੂੰ ਬੱਸ 'ਚੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਿਵਾਦ ਹੋਰ ਵਧ ਗਿਆ। ਕੰਡਕਟਰ ਅਨੁਸਾਰ ਮਹਿਲਾ ਨੇ ਉਸ ਦੀ ਦਾੜ੍ਹੀ ਖਿੱਚਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਗੁੱਸੇ 'ਚ ਆਈਆਂ ਹੋਰ ਮਹਿਲਾ ਸਵਾਰੀਆਂ ਨੇ ਬੱਸ ਤੋਂ ਹੇਠਾਂ ਉੱਤਰ ਕੇ ਉਸ ਦੀ ਕੁੱਟਮਾਰ ਕਰ ਦਿੱਤੀ।
ਦੂਜੇ ਪਾਸੇ, ਕੁੱਟਮਾਰ ਦਾ ਸ਼ਿਕਾਰ ਹੋਈ ਮਹਿਲਾ ਨੇ ਆਪਣੇ ਦੋਸ਼ਾਂ 'ਚ ਕਿਹਾ ਕਿ ਉਸ ਨੇ ਸਿਰਫ਼ ਬੈਠਣ ਲਈ ਸੀਟ ਮੰਗੀ ਸੀ, ਜਿਸ 'ਤੇ ਉਸ ਨਾਲ ਬੁਰਾ ਵਿਵਹਾਰ ਕੀਤਾ ਗਿਆ। ਉਸ ਨੇ ਦਾਅਵਾ ਕੀਤਾ ਕਿ ਬਿਨਾਂ ਕਿਸੇ ਕਸੂਰ ਦੇ ਉਸ ਨੂੰ ਬੱਸ 'ਚੋਂ ਧੱਕਾ ਦੇ ਕੇ ਹੇਠਾਂ ਉਤਾਰਿਆ ਗਿਆ ਅਤੇ ਕੁੱਟਮਾਰ ਕੀਤੀ ਗਈ, ਜਾਣ ਨਾਲ ਉਸ ਦੀਆਂ ਉਂਗਲਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ।
ਥਾਣਾ ਮੁੱਖੀ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਾਮ ਕਰੀਬ 6 ਵਜੇ ਸੂਚਨਾ ਮਿਲਣ 'ਤੇ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾਇਆ। ਪੁਲਿਸ ਦੋਵਾਂ ਧਿਰਾਂ, ਕੰਡਕਟਰ ਅਤੇ ਕੁਝ ਸਵਾਰੀਆਂ ਨੂੰ ਥਾਣੇ ਲੈ ਆਈ। ਮਹਿਲਾ ਦੇ ਰਿਸ਼ਤੇਦਾਰਾਂ ਅਤੇ ਵਕੀਲਾਂ ਦੀ ਮੌਜੂਦਗੀ 'ਚ ਦੋਵਾਂ ਧਿਰਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਆਪਣੀ-ਆਪਣੀ ਗਲਤੀ ਦਾ ਅਹਿਸਾਸ ਕਰਵਾਇਆ ਗਿਆ। ਆਖ਼ਰਕਾਰ, ਆਪਸੀ ਰਾਜ਼ੀਨਾਮਾ ਹੋਣ ਤੋਂ ਬਾਅਦ ਬੱਸ ਨੂੰ ਅੰਮ੍ਰਿਤਸਰ ਲਈ ਰਵਾਨਾ ਕਰ ਦਿੱਤਾ ਗਿਆ।
Get all latest content delivered to your email a few times a month.