ਤਾਜਾ ਖਬਰਾਂ
ਉਦਯੋਗਿਕ ਨਗਰੀ ਲੁਧਿਆਣਾ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਸਰਕਾਰੀ ਵਾਹਨ ਵੀ ਸੁਰੱਖਿਅਤ ਨਹੀਂ ਰਹੇ। ਲੁਧਿਆਣਾ ਬੱਸ ਸਟੈਂਡ ਦੀ ਮੁੱਖ ਪਾਰਕਿੰਗ ਵਿੱਚੋਂ ਅਣਪਛਾਤੇ ਸ਼ਾਤਰ ਚੋਰਾਂ ਵੱਲੋਂ ਕਿਲੋਮੀਟਰ ਸਕੀਮ ਤਹਿਤ ਦਿੱਲੀ ਰੂਟ 'ਤੇ ਚੱਲਣ ਵਾਲੀ ਪੰਜਾਬ ਰੋਡਵੇਜ਼ (PRTC) ਦੀ ਬੱਸ ਚੋਰੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਚੋਰ ਬੱਸ ਨੂੰ ਡਰਾਈਵ ਕਰਕੇ ਚੌਂਕੀਮਾਨ ਟੋਲ ਪਲਾਜ਼ਾ ਨੇੜਲੇ ਇੱਕ ਪਿੰਡ ਦੀ ਸੁੰਨਸਾਨ ਥਾਂ 'ਤੇ ਲੈ ਗਏ, ਜਿੱਥੋਂ ਉਹ ਬੱਸ ਦੇ ਕੀਮਤੀ ਟਾਇਰ, ਕੈਮਰੇ, ਬੈਟਰੀਆਂ ਅਤੇ ਹੋਰ ਮਹਿੰਗੇ ਪੁਰਜ਼ੇ ਖੋਲ੍ਹ ਕੇ ਨੌ ਦੋ ਗਿਆਰਾਂ ਹੋ ਗਏ।
ਇਸ ਵਾਰਦਾਤ ਸੰਬੰਧੀ ਸੀਸੀਟੀਵੀ (CCTV) ਫੁੱਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਚੋਰ ਬੱਸ ਨੂੰ ਸਟਾਰਟ ਕਰਕੇ ਬੱਸ ਸਟੈਂਡ ਤੋਂ ਬਾਹਰ ਲੈ ਜਾਂਦੇ ਦਿਖਾਈ ਦੇ ਰਹੇ ਹਨ। ਬੱਸ ਦੇ ਡਰਾਈਵਰ ਨੇ ਦੱਸਿਆ ਕਿ ਰਾਤ ਵੇਲੇ ਬੱਸ ਨੂੰ ਪਾਰਕਿੰਗ 'ਚ ਖੜ੍ਹਾ ਕੀਤਾ ਗਿਆ ਸੀ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਪਿਕਅੱਪ ਗੱਡੀ ਵਿੱਚ ਆਏ ਕੁਝ ਸ਼ੱਕੀ ਵਿਅਕਤੀਆਂ ਨੇ ਇਸ ਚੋਰੀ ਨੂੰ ਅੰਜਾਮ ਦਿੱਤਾ ਹੈ। ਇਸ ਵਾਰਦਾਤ ਕਾਰਨ ਬੱਸ ਮਾਲਕ ਅਤੇ ਵਿਭਾਗ ਦਾ ਕਰੀਬ 7 ਤੋਂ 8 ਲੱਖ ਰੁਪਏ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ।
ਘਟਨਾ ਬਾਰੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹਾਲਾਂਕਿ, ਬੱਸ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਘਟਨਾ ਦੇ ਕਈ ਦਿਨ ਬੀਤ ਜਾਣ ਦੇ ਬਾਅਦ ਵੀ ਪੁਲਿਸ ਦੇ ਹੱਥ ਖ਼ਾਲੀ ਹਨ। ਪੁਲਿਸ ਦੀ ਸੁਸਤ ਕਾਰਵਾਈ ਤੋਂ ਨਾਰਾਜ਼ ਬੱਸ ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨ ਅਤੇ ਧਰਨਾ ਦੇਣ ਲਈ ਮਜਬੂਰ ਹੋਣਗੇ।
Get all latest content delivered to your email a few times a month.