ਤਾਜਾ ਖਬਰਾਂ
ਝੋਨੇ ਦੇ ਸੀਜ਼ਨ ਅਤੇ ਭਾਰੀ ਗਰਮੀ ਦੇ ਵਿਚਕਾਰ ਪੰਜਾਬ 'ਚ ਇੱਕ ਵਾਰ ਫਿਰ ਵੱਡੇ ਬਿਜਲੀ ਸੰਕਟ ਦੇ ਬਾਦਲ ਮੰਡਰਾਉਣ ਲੱਗੇ ਹਨ। ਦੇਸ਼ ਵਿਆਪੀ ਪੱਧਰ 'ਤੇ ਕੋਲੇ ਦੀ ਘਾਟ ਕਾਰਨ ਸੂਬੇ ਦੇ ਥਰਮਲ ਪਲਾਂਟਾਂ ਨੂੰ ਲੋੜੀਂਦੀ ਖੇਪ ਨਹੀਂ ਮਿਲ ਰਹੀ, ਜਿਸ ਨਾਲ ਪੰਜਾਬ ਦੀ ਬਿਜਲੀ ਉਤਪਾਦਨ ਸਮਰੱਥਾ ਵਿੱਚ ਕਰੀਬ 1,500 ਮੈਗਾਵਾਟ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਪਾਵਰ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਥਿਤੀ ਦੀ ਗੰਭੀਰਤਾ ਨੂੰ ਪ੍ਰਗਟਾਉਂਦੇ ਹੋਏ ਦੱਸਿਆ ਕਿ ਕੋਲੇ ਦੀ ਕਮੀ ਕਾਰਨ ਨਿੱਜੀ ਖੇਤਰ ਦੇ ਪ੍ਰਮੁੱਖ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦਾ ਉਤਪਾਦਨ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਇਆ ਹੈ।
ਸੂਤਰਾਂ ਮੁਤਾਬਕ ਰਾਜਪੁਰਾ ਥਰਮਲ ਪਲਾਂਟ ਕੋਲ ਸਿਰਫ਼ 6 ਦਿਨਾਂ ਦਾ ਅਤੇ ਤਲਵੰਡੀ ਸਾਬੋ ਪਲਾਂਟ ਕੋਲ ਮਹਿਜ਼ 5 ਦਿਨਾਂ ਦਾ ਕੋਲਾ ਹੀ ਬਾਕੀ ਰਹਿ ਗਿਆ ਹੈ, ਜਦਕਿ 27 ਅਗਸਤ ਤੱਕ ਇੱਥੇ ਕ੍ਰਮਵਾਰ 14 ਅਤੇ 10 ਦਿਨਾਂ ਦਾ ਸਟਾਕ ਮੌਜੂਦ ਸੀ। ਬਿਜਲੀ ਸਪਲਾਈ ਠੱਪ ਹੋਣ ਦੇ ਖ਼ਤਰੇ ਨੂੰ ਦੇਖਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਨਿਗਰਾਨੀ ਸਖ਼ਤ ਕਰ ਦਿੱਤੀ ਹੈ। ਪੀ.ਐੱਸ.ਪੀ.ਸੀ.ਐੱਲ. ਦੇ ਉੱਚ ਅਧਿਕਾਰੀ ਖ਼ੁਦ ਥਰਮਲ ਪਲਾਂਟਾਂ 'ਚ ਮੌਜੂਦ ਰਹਿ ਕੇ ਕੋਲੇ ਦੀ ਆਮਦ ਅਤੇ ਬਿਜਲੀ ਉਤਪਾਦਨ 'ਤੇ ਪਲ-ਪਲ ਦੀ ਨਜ਼ਰ ਰੱਖ ਰਹੇ ਹਨ।
ਮੀਂਹ ਘੱਟ ਪੈਣ ਕਾਰਨ ਕਿਸਾਨਾਂ ਦੀ ਟਿਊਬਵੈੱਲਾਂ 'ਤੇ ਨਿਰਭਰਤਾ ਵਧ ਗਈ ਹੈ, ਜਿਸ ਨਾਲ 2 ਸਤੰਬਰ ਨੂੰ ਬਿਜਲੀ ਦੀ ਪੀਕ ਮੰਗ 16,343 ਮੈਗਾਵਾਟ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ। ਆਪਣਾ ਉਤਪਾਦਨ ਘਟਣ ਕਾਰਨ ਪੰਜਾਬ ਸਰਕਾਰ ਨੂੰ ਕੇਂਦਰੀ ਗਰਿੱਡ ਅਤੇ ਬਾਹਰੀ ਸਰੋਤਾਂ ਤੋਂ ਮਹਿੰਗੀ ਬਿਜਲੀ ਖ਼ਰੀਦ ਕੇ ਮੰਗ ਪੂਰੀ ਕਰਨੀ ਪੈ ਰਹੀ ਹੈ। ਪਾਵਰ ਮੰਤਰੀ ਅਨੁਸਾਰ ਦੇਸ਼ ਭਰ ਵਿੱਚ ਕੋਲੇ ਦੀ ਘਾਟ ਕਰਕੇ ਕਰੀਬ 63 ਗੀਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਲੇ ਦੀ ਸਪਲਾਈ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਖੇਤੀਬਾੜੀ, ਘਰੇਲੂ ਅਤੇ ਉਦਯੋਗਿਕ ਖਪਤਕਾਰਾਂ ਨੂੰ ਬਿਜਲੀ ਦੇ ਲੰਬੇ ਕੱਟਾਂ ਤੋਂ ਬਚਾਇਆ ਜਾ ਸਕੇ।
Get all latest content delivered to your email a few times a month.