ਤਾਜਾ ਖਬਰਾਂ
ਬਿਹਾਰ ਦੇ ਭੋਜਪੁਰ ਜ਼ਿਲ੍ਹੇ ਸਥਿਤ ਆਰਾ ਰੇਲਵੇ ਸਟੇਸ਼ਨ 'ਤੇ ਅੱਜ ਇੱਕ ਵੱਡਾ ਰੇਲ ਹਾਦਸਾ ਹੁੰਦੇ-ਹੁੰਦੇ ਬਚ ਗਿਆ। ਅਲੀਪੁਰਦੁਆਰ ਜੰਕਸ਼ਨ ਤੋਂ ਦਿੱਲੀ ਵੱਲ ਜਾ ਰਹੀ ਗੱਡੀ ਸੰਖਿਆ 15483 'ਮਹਾਨੰਦਾ ਐਕਸਪ੍ਰੈਸ' ਜਿਵੇਂ ਹੀ ਸ਼ਾਮ ਕਰੀਬ 4:15 ਵਜੇ ਆਰਾ ਜੰਕਸ਼ਨ ਦੇ ਪਲੇਟਫਾਰਮ ਨੰਬਰ 2 ਤੋਂ ਪੰਡਿਤ ਦੀਨਦਿਆਲ ਉਪਾਧਿਆਏ ਮਾਰਗ ਲਈ ਰਵਾਨਾ ਹੋਈ, ਤਾਂ ਅਚਾਨਕ ਉਸ ਦਾ ਇੰਜਣ ਅਤੇ ਤਿੰਨ ਡੱਬੇ ਟਰੈਕ ਤੋਂ ਹੇਠਾਂ ਉਤਰ ਗਏ। ਹਾਦਸਾ ਵਾਪਰਦਿਆਂ ਹੀ ਰੇਲਵੇ ਅਧਿਕਾਰੀਆਂ 'ਚ ਹੜਕੰਪ ਮਚ ਗਿਆ ਅਤੇ ਟ੍ਰੇਨ 'ਚ ਸਵਾਰ ਸਵਾਰੀਆਂ 'ਚ ਅਫਰਾ-ਤਫਰੀ ਦਾ ਮਾਹੌਲ ਬਣ ਗਿਆ।
ਸ਼ੁਰੂਆਤੀ ਜਾਣਕਾਰੀ ਅਨੁਸਾਰ ਰੇਲਗੱਡੀ ਦਾ ਸਿਗਨਲ ਗਲਤੀ ਨਾਲ ਸਾਸਾਰਾਮ ਲਾਈਨ ਵੱਲ ਹੋ ਗਿਆ ਸੀ। ਇਸ ਕਾਰਨ ਟ੍ਰੇਨ ਗਲਤ ਦਿਸ਼ਾ 'ਚ ਮੁੜ ਗਈ ਅਤੇ ਇੰਜਣ ਸਮੇਤ ਇਸ ਦੇ ਐੱਸ.ਐੱਲ.ਆਰ. (SLR) ਅਤੇ ਐੱਚ-1 (H-1) ਕੋਚ ਪਟੜੀ ਤੋਂ ਲਹਿ ਗਏ। ਘਟਨਾ ਤੋਂ ਤੁਰੰਤ ਬਾਅਦ ਪਹੁੰਚੀਆਂ ਰੇਲਵੇ ਟੀਮਾਂ ਨੇ ਮੁਸ਼ੱਕਤ ਸ਼ੁਰੂ ਕੀਤੀ ਅਤੇ ਕਰੀਬ ਢਾਈ ਘੰਟਿਆਂ ਦੀ ਭਾਰੀ ਜੱਦੋ-ਜਹਿਦ ਤੋਂ ਬਾਅਦ ਪਟੜੀ ਤੋਂ ਉਤਰੇ ਡੱਬਿਆਂ ਨੂੰ ਮੁੜ ਟਰੈਕ 'ਤੇ ਲਿਆਂਦਾ ਗਿਆ। ਹਾਲਾਂਕਿ, ਏ-1 (A-1) ਲਾਈਨ 'ਤੇ ਆਵਾਜਾਈ ਹਾਲੇ ਵੀ ਪ੍ਰਭਾਵਿਤ ਦੱਸੀ ਜਾ ਰਹੀ ਹੈ।
ਹਾਦਸੇ ਦੀ ਖ਼ਬਰ ਮਿਲਦੇ ਹੀ ਰੇਲਵੇ ਦੇ ਉੱਚ ਅਧਿਕਾਰੀ ਅਤੇ ਤਕਨੀਕੀ ਮਾਹਰ ਮੌਕੇ 'ਤੇ ਪਹੁੰਚ ਗਏ। ਪ੍ਰਸ਼ਾਸਨ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਸਿਗਨਲ ਸਿਸਟਮ 'ਚ ਖ਼ਰਾਬੀ ਕਾਰਨ ਰੂਟ ਸਾਸਾਰਾਮ ਵੱਲ ਕਿਵੇਂ ਤਬਦੀਲ ਹੋਇਆ। ਇਸ ਹਾਦਸੇ ਕਾਰਨ ਰੂਟ ਦੀਆਂ ਕਈ ਹੋਰ ਰੇਲ ਗੱਡੀਆਂ ਦੀ ਆਵਾਜਾਈ 'ਤੇ ਅਸਰ ਪਿਆ ਹੈ, ਜਦਕਿ ਰੇਲਵੇ ਵੱਲੋਂ ਮੁੱਖ ਟਰੈਕ ਨੂੰ ਜਲਦ ਤੋਂ ਜਲਦ ਬਹਾਲ ਕਰਨ ਲਈ ਜੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ।
Get all latest content delivered to your email a few times a month.