ਤਾਜਾ ਖਬਰਾਂ
ਜਨਮ ਅਸ਼ਟਮੀ ਤੋਂ ਸ਼ੁਰੂ ਹੋਇਆ ਮੀਂਹ ਦਾ ਸਿਲਸਿਲਾ ਐਤਵਾਰ ਸਵੇਰੇ ਵੀ ਜਾਰੀ ਰਹਿਣ ਨਾਲ ਦਿੱਲੀ-ਐੱਨ.ਸੀ.ਆਰ. ਵਿੱਚ ਜਿੱਥੇ ਲੋਕਾਂ ਨੂੰ ਚਿਪਚਿਪੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ, ਉੱਥੇ ਹੀ ਜਲ-ਥਲ ਹੋਈਆਂ ਸੜਕਾਂ ਨੇ ਆਮ ਜਨ-ਜੀਵਨ ਅਸਤ-ਵਿਅਸਤ ਕਰ ਦਿੱਤਾ ਹੈ। ਰਾਜਧਾਨੀ ਦੇ ਨਾਲ-ਨਾਲ ਨੋਇਡਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਛੁੱਟੀ ਵਾਲੇ ਦਿਨ ਅਤੇ ਦਫ਼ਤਰਾਂ ਲਈ ਨਿਕਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਿਤੀ ਨੂੰ ਦੇਖਦਿਆਂ ਮੌਸਮ ਵਿਭਾਗ (IMD) ਨੇ ਅੱਜ ਵੀ ਇਲਾਕੇ ਵਿੱਚ ਬਾਰਿਸ਼ ਲਈ 'ਯੈਲੋ ਅਲਰਟ' ਜਾਰੀ ਕੀਤਾ ਹੈ।
ਮੀਂਹ ਦਾ ਸਭ ਤੋਂ ਗੰਭੀਰ ਅਸਰ ਪੂਰਬੀ, ਦੱਖਣੀ ਅਤੇ ਦੱਖਣ-ਪੱਛਮੀ ਦਿੱਲੀ ਵਿੱਚ ਦੇਖਣ ਨੂੰ ਮਿਲਿਆ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਧੌਲਾ ਕੁਆਂ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇਅ-48 (NH-48) ਅਤੇ ਮਹੀਪਾਲਪੁਰ ਵਿਖੇ ਗੋਡਿਆਂ ਤੱਕ ਪਾਣੀ ਭਰ ਜਾਣ ਕਾਰਨ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਇਸ ਤੋਂ ਇਲਾਵਾ ਏਅਰਪੋਰਟ ਦੇ ਟਰਮੀਨਲ-3 ਦੇ ਆਲੇ-ਦੁਆਲੇ, ਪਾਲਮ ਟਨਲ, ਸੰਗਮ ਵਿਹਾਰ, ਸ਼ਕਰਪੁਰ, ਲਕਸ਼ਮੀ ਨਗਰ ਅਤੇ ਮਹਿਰੌਲੀ-ਬਦਰਪੁਰ ਰੋਡ 'ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਟ੍ਰੈਫਿਕ ਰਫ਼ਤਾਰ ਪੂਰੀ ਤਰ੍ਹਾਂ ਥੰਮ ਗਈ।
ਭਾਰਤੀ ਮੌਸਮ ਵਿਭਾਗ ਅਨੁਸਾਰ ਦੇਸ਼ ਦੇ ਵੱਡੇ ਹਿੱਸੇ ਵਿੱਚ ਮਾਨਸੂਨ ਇੱਕ ਵਾਰ ਫਿਰ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਦਿੱਲੀ-ਐੱਨ.ਸੀ.ਆਰ. ਤੋਂ ਇਲਾਵਾ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਅੱਜ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ।
Get all latest content delivered to your email a few times a month.