IMG-LOGO
ਹੋਮ ਪੰਜਾਬ: ਪੰਜਾਬ ਦੇ ਚਾਰ ਹੋਣਹਾਰ ਕੈਡਿਟ ਬਣੇ ਭਾਰਤੀ ਫੌਜ ’ਚ ਲੈਫਟੀਨੈਂਟ,...

ਪੰਜਾਬ ਦੇ ਚਾਰ ਹੋਣਹਾਰ ਕੈਡਿਟ ਬਣੇ ਭਾਰਤੀ ਫੌਜ ’ਚ ਲੈਫਟੀਨੈਂਟ, ਸੂਬੇ ਦਾ ਵਧਾਇਆ ਮਾਣ

Admin User - Sep 05, 2026 06:28 PM
IMG

ਪੰਜਾਬ ਦੀ ਫੌਜੀ ਵਿਰਾਸਤ ਵਿੱਚ ਇੱਕ ਹੋਰ ਮਾਣਮੱਤਾ ਅਧਿਆਇ ਜੁੜ ਗਿਆ ਹੈ। ਸੂਬੇ ਦੇ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟਸ ਦੇ ਚਾਰ ਹੋਣਹਾਰ ਕੈਡਿਟਾਂ ਨੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਕਮਿਸ਼ਨ ਹਾਸਲ ਕੀਤਾ ਹੈ। ਇਨ੍ਹਾਂ ਵਿੱਚ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੀਆਂ ਦੋ ਕੈਡਿਟਾਂ ਅਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਸ਼ਾਮਲ ਹਨ।

ਚੇਨੱਈ ਸਥਿਤ ਆਫੀਸਰਜ਼ ਟ੍ਰੇਨਿੰਗ ਅਕੈਡਮੀ ਵਿੱਚ ਹੋਈ ਪਾਸਿੰਗ ਆਊਟ ਪਰੇਡ ਦੌਰਾਨ ਇਨ੍ਹਾਂ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਕਮਿਸ਼ਨ ਮਿਲਿਆ। ਪਰੇਡ ਦਾ ਨਿਰੀਖਣ ਜਲ ਸੈਨਾ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੇ ਕੀਤਾ।

ਮਾਈ ਭਾਗੋ ਏਐਫਪੀਆਈ ਦੀ ਲੇਡੀ ਕੈਡਿਟ ਦੀਪਨੂਰ ਨੂੰ ਆਰਮੀ ਏਵੀਏਸ਼ਨ ਕੋਰ ਅਤੇ ਲੇਡੀ ਕੈਡਿਟ ਦੀਕਸ਼ਾ ਧੀਮਾਨ ਨੂੰ ਆਰਮੀ ਆਰਡਨੈਂਸ ਕੋਰ ਵਿੱਚ ਕਮਿਸ਼ਨ ਮਿਲਿਆ ਹੈ। ਦੀਪਨੂਰ ਗੁਰਦਾਸਪੁਰ ਸਥਿਤ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਖਬੀਰ ਸਿੰਘ ਅਤੇ ਸਰਕਾਰੀ ਸਕੂਲ ਅਧਿਆਪਕਾ ਰਮਨਪ੍ਰੀਤ ਕੌਰ ਦੀ ਧੀ ਹੈ, ਜਦਕਿ ਦੀਕਸ਼ਾ ਪਠਾਨਕੋਟ ਦੇ ਕਾਰੋਬਾਰੀ ਪਵਨ ਕੁਮਾਰ ਅਤੇ ਇੰਦੂ ਦੀ ਧੀ ਹੈ।

ਦੂਜੇ ਪਾਸੇ, ਮਹਾਰਾਜਾ ਰਣਜੀਤ ਸਿੰਘ ਏਐਫਪੀਆਈ ਦੇ ਕੈਡਿਟ ਇਸ਼ਪ੍ਰੀਤ ਸਿੰਘ ਢਿੱਲੋਂ ਨੇ ਆਰਟਿਲਰੀ ਰੈਜੀਮੈਂਟ ਵਿੱਚ ਕਮਿਸ਼ਨ ਹਾਸਲ ਕੀਤਾ ਹੈ। ਉਹ ਸਵਰਗੀ ਡਾ. ਪਰਮਜੀਤ ਸਿੰਘ ਢਿੱਲੋਂ ਅਤੇ ਸੰਤੋਸ਼ ਕੌਰ ਦੇ ਪੁੱਤਰ ਹਨ। ਇਸੇ ਸੰਸਥਾ ਦੇ ਕੈਡਿਟ ਅਰਸ਼ ਸਿੰਘ ਨੇ ਜੱਜ ਐਡਵੋਕੇਟ ਜਨਰਲ (ਜੇਏਜੀ) ਸ਼ਾਖਾ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਹੈ। ਉਹ ਸੇਵਾਮੁਕਤ ਮੇਜਰ ਜਨਰਲ ਪੀ.ਐਸ. ਸੰਧੂ ਦੇ ਪੁੱਤਰ ਹਨ।

ਇਸ ਮੌਕੇ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਨਵੇਂ ਕਮਿਸ਼ਨਡ ਅਫਸਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਅਫਸਰ ਪੰਜਾਬ ਦੇ ਹੋਰ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਲਈ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਗੇ।

ਮਾਈ ਭਾਗੋ ਏਐਫਪੀਆਈ ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ ਨੇ ਇਸ ਪ੍ਰਾਪਤੀ ਨੂੰ ਸੰਸਥਾ ਲਈ ਮਹੱਤਵਪੂਰਨ ਮੀਲ ਪੱਥਰ ਦੱਸਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੀਆਂ ਹੋਰ ਧੀਆਂ ਨੂੰ ਫੌਜ ਵਿੱਚ ਅਫਸਰ ਬਣਨ ਲਈ ਪ੍ਰੇਰਣਾ ਮਿਲੇਗੀ।

ਉੱਧਰ, ਐਮਆਰਐਸਏਐਫਪੀਆਈ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ ਨੇ ਨਵੇਂ ਅਫਸਰਾਂ ਨੂੰ ਦੇਸ਼ ਦੇ ਆਦਰਸ਼ਾਂ ’ਤੇ ਕਾਇਮ ਰਹਿਣ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਹੋਰ 15 ਕੈਡਿਟ ਐਸਐਸਬੀ ਪਾਸ ਕਰ ਚੁੱਕੇ ਹਨ ਅਤੇ ਦਸੰਬਰ 2026 ਵਿੱਚ ਸ਼ੁਰੂ ਹੋਣ ਵਾਲੇ ਕੋਰਸ ਲਈ ਨਿਯੁਕਤੀ ਪੱਤਰਾਂ ਦੀ ਉਡੀਕ ਕਰ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.