ਤਾਜਾ ਖਬਰਾਂ
ਲੁਧਿਆਣਾ: ਥਾਣਾ ਟਿੱਬਾ ਅਧੀਨ ਪੈਂਦੇ ਇਲਾਕੇ ਵਿੱਚ ਬੀਤੀ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 27 ਸਾਲਾ ਨੌਜਵਾਨ ਸਿਧਾਰਥ ਸ਼ਰਮਾ ਦੀ ਦਰਦਨਾਕ ਮੌਤ ਹੋ ਗਈ। ਸਿਧਾਰਥ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ, ਜਦੋਂ ਇੱਕ ਬੇਕਾਬੂ ਤੇਜ਼ ਰਫ਼ਤਾਰ ਆਟੋ ਰਿਕਸ਼ਾ ਨੇ ਉਸ ਨੂੰ ਲਪੇਟ 'ਚ ਲੈ ਲਿਆ। ਜ਼ਖ਼ਮੀ ਹਾਲਤ 'ਚ ਉਸ ਨੂੰ ਨਜ਼ਦੀਕੀ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਆਟੋ ਚਾਲਕ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਮ੍ਰਿਤਕ ਦੇ ਚਚੇਰੇ ਭਰਾ ਮੁਤਾਬਕ ਸਿਧਾਰਥ ਰਾਤ ਕਰੀਬ 11 ਵਜੇ ਕਿਸੇ ਜ਼ਰੂਰੀ ਘਰੇਲੂ ਕੰਮ ਲਈ ਘਰੋਂ 10-15 ਮਿੰਟਾਂ 'ਚ ਪਰਤਣ ਦਾ ਕਹਿ ਕੇ ਨਿਕਲਿਆ ਸੀ। ਪਰ ਕੁਝ ਹੀ ਮਿੰਟਾਂ ਬਾਅਦ ਪਰਿਵਾਰ ਨੂੰ ਉਸ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ। ਹਸਪਤਾਲ ਪਹੁੰਚਣ 'ਤੇ ਡਾਕਟਰਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪੁੱਤ ਦੀ ਅਚਾਨਕ ਮੌਤ ਨਾਲ ਪਰਿਵਾਰ 'ਚ ਮਾਤਮ ਦਾ ਮਾਹੌਲ ਹੈ।
ਹਸਪਤਾਲ ਪ੍ਰਸ਼ਾਸਨ ਦੀ ਸੂਚਨਾ 'ਤੇ ਪੁੱਜੀ ਥਾਣਾ ਟਿੱਬਾ ਦੀ ਪੁਲਿਸ ਨੇ ਦੇਹ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਆਟੋ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਦਸੇ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲ ਕੇ ਫ਼ਰਾਰ ਆਟੋ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
Get all latest content delivered to your email a few times a month.