ਤਾਜਾ ਖਬਰਾਂ
ਸਰਕਾਰੀ ਪੱਖ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਜੋਗਾ ਨੇ ਕਥਿਤ ਤੌਰ ’ਤੇ ਗੋਲਡੀ ਬਰਾੜ ਦੇ ਇਸ਼ਾਰੇ ’ਤੇ ਸਿੱਧੂ ਮੂਸੇਵਾਲਾ ਕਤਲ ਵਿੱਚ ਸ਼ਾਮਲ ਸ਼ੂਟਰਾਂ ਨੂੰ ਕਤਲ ਤੋਂ ਪਹਿਲਾਂ ਪਨਾਹ ਅਤੇ ਸੁਰੱਖਿਅਤ ਠਿਕਾਣਾ ਮੁਹੱਈਆ ਕਰਵਾਇਆ ਸੀ। ਇਨ੍ਹਾਂ ਵਿੱਚ ਪ੍ਰਿਯਵਰਤ ਉਰਫ਼ ਫੌਜੀ, ਅੰਕਿਤ ਉਰਫ਼ ਸਰਸਾ, ਕਸ਼ਿਸ਼ ਉਰਫ਼ ਕੁਲਦੀਪ ਅਤੇ ਦੀਪਕ ਮੁੰਡੀ ਦੇ ਨਾਮ ਸ਼ਾਮਲ ਹਨ। ਉਸ ’ਤੇ ਸਹਿ-ਮੁਲਜ਼ਮ ਰਾਜਿੰਦਰ ਸਿੰਘ ਉਰਫ਼ ਜੋਕਰ ਨੂੰ 30 ਬੋਰ ਦੀ ਪਿਸਤੌਲ ਦੇਣ ਦਾ ਦੋਸ਼ ਵੀ ਹੈ।
ਇਹ ਮਾਮਲਾ 29 ਮਈ 2022 ਨੂੰ ਮਾਨਸਾ ਦੇ ਸਿਟੀ-1 ਥਾਣੇ ਵਿੱਚ ਦਰਜ ਐਫਆਈਆਰ ਨਾਲ ਸਬੰਧਤ ਹੈ। ਐਫਆਈਆਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤੀ ਗਈ ਸੀ। ਮਾਮਲੇ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਪਰਾਧਿਕ ਸਾਜ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ।
ਹਾਈਕੋਰਟ ਨੇ ਮਾਮਲੇ ਵਿੱਚ ਜੋਗਾ ਦੀ ਕਥਿਤ ਭੂਮਿਕਾ ਨੂੰ ਗੰਭੀਰ ਮੰਨਦਿਆਂ ਕਿਹਾ ਕਿ ਉਹ ਸਾਜ਼ਿਸ਼ ਦੀ ਇੱਕ ਅਹਿਮ ਕੜੀ ਰਿਹਾ ਹੈ। ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਮਾਮਲੇ ਵਿੱਚ ਨਾਮ ਸਾਹਮਣੇ ਆਉਣ ਤੋਂ ਬਾਅਦ ਉਹ ਫਰਾਰ ਰਿਹਾ ਅਤੇ ਉਸਨੂੰ ਭਗੌੜਾ ਅਪਰਾਧੀ ਐਲਾਨਿਆ ਗਿਆ ਸੀ।
ਅਦਾਲਤ ਨੇ ਕਿਹਾ ਕਿ ਦੋਸ਼ਾਂ ਦੀ ਗੰਭੀਰਤਾ, ਮੁਲਜ਼ਮ ਦਾ ਅਪਰਾਧਿਕ ਪਿਛੋਕੜ ਅਤੇ ਪਹਿਲਾਂ ਫਰਾਰ ਰਹਿਣ ਦੇ ਤੱਥਾਂ ਨੂੰ ਦੇਖਦਿਆਂ ਜ਼ਮਾਨਤ ਦੇਣ ਨਾਲ ਉਸਦੇ ਦੁਬਾਰਾ ਭੱਜਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਗਵਾਹਾਂ ਨੂੰ ਪ੍ਰਭਾਵਿਤ ਕਰਨ ਜਾਂ ਸਬੂਤਾਂ ਨਾਲ ਛੇੜਛਾੜ ਦੀ ਸੰਭਾਵਨਾ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ। ਇਨ੍ਹਾਂ ਸਾਰੇ ਕਾਰਨਾਂ ਦੇ ਆਧਾਰ ’ਤੇ ਹਾਈਕੋਰਟ ਨੇ ਜੋਗਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ।
Get all latest content delivered to your email a few times a month.