IMG-LOGO
ਹੋਮ ਪੰਜਾਬ, ਚੰਡੀਗੜ੍ਹ, ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 36 ਦਿਨਾਂ ਦਾ ਟ੍ਰੈਫਿਕ ਬਲਾਕ, 12...

ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 36 ਦਿਨਾਂ ਦਾ ਟ੍ਰੈਫਿਕ ਬਲਾਕ, 12 ਟਰੇਨਾਂ ਰੱਦ; ਕਈਆਂ ਦੇ ਰੂਟ ਬਦਲੇ

Admin User - Sep 04, 2026 05:49 PM
IMG

ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪੁਨਰ ਨਿਰਮਾਣ ਅਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦਾ ਕੰਮ ਹੁਣ ਰੇਲ ਯਾਤਰੀਆਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਰੇਲ ਲੈਂਡ ਡਿਵੈਲਪਮੈਂਟ ਅਥਾਰਟੀ (ਆਰਐਲਡੀਏ) ਵੱਲੋਂ ਕੀਤੇ ਜਾਣ ਵਾਲੇ ਨਿਰਮਾਣ ਕਾਰਜਾਂ ਲਈ ਰੇਲਵੇ ਨੇ 10 ਸਤੰਬਰ ਤੋਂ 15 ਅਕਤੂਬਰ ਤੱਕ 36 ਦਿਨਾਂ ਦੇ ਟ੍ਰੈਫਿਕ ਬਲਾਕ ਨੂੰ ਮਨਜ਼ੂਰੀ ਦਿੱਤੀ ਹੈ।

ਇਸ ਦੌਰਾਨ ਚੰਡੀਗੜ੍ਹ ਅਤੇ ਕਾਲਕਾ ਤੋਂ ਚੱਲਣ ਵਾਲੀਆਂ 12 ਟਰੇਨਾਂ ਪੂਰੀ ਤਰ੍ਹਾਂ ਰੱਦ ਰਹਿਣਗੀਆਂ। ਇਨ੍ਹਾਂ ਵਿੱਚ ਅੰਮ੍ਰਿਤਸਰ-ਚੰਡੀਗੜ੍ਹ-ਅੰਮ੍ਰਿਤਸਰ ਅਤੇ ਚੰਡੀਗੜ੍ਹ-ਫਿਰੋਜ਼ਪੁਰ-ਚੰਡੀਗੜ੍ਹ ਸਮੇਤ ਕਾਲਕਾ-ਅੰਬਾਲਾ, ਕਾਲਕਾ-ਦਿੱਲੀ ਅਤੇ ਡੀਐਲਪੀਸੀ-ਕਾਲਕਾ ਰੂਟਾਂ ਦੀਆਂ ਕਈ ਮਹੱਤਵਪੂਰਨ ਰੇਲ ਸੇਵਾਵਾਂ ਸ਼ਾਮਲ ਹਨ।

ਰੇਲ ਆਵਾਜਾਈ ’ਤੇ ਪ੍ਰਭਾਵ ਘੱਟ ਕਰਨ ਲਈ 36 ਦਿਨਾਂ ਦੇ ਬਲਾਕ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਪੜਾਅ 10 ਤੋਂ 21 ਸਤੰਬਰ, ਦੂਜਾ 22 ਸਤੰਬਰ ਤੋਂ 3 ਅਕਤੂਬਰ ਅਤੇ ਤੀਜਾ 4 ਤੋਂ 15 ਅਕਤੂਬਰ ਤੱਕ ਚੱਲੇਗਾ।

ਸੋਧੇ ਹੋਏ ਰੇਲ ਸੰਚਾਲਨ ਤਹਿਤ 6 ਟਰੇਨਾਂ ਅੰਬਾਲਾ ਛਾਉਣੀ ਤੋਂ, ਜਦਕਿ 8 ਟਰੇਨਾਂ ਚੰਡੀਗੜ੍ਹ ਦੀ ਥਾਂ ਮੋਹਾਲੀ ਤੋਂ ਚਲਾਈਆਂ ਜਾਣਗੀਆਂ। ਇਸ ਕਾਰਨ ਯਾਤਰੀਆਂ ਨੂੰ ਬਦਲਵੇਂ ਸਟੇਸ਼ਨਾਂ ਤੱਕ ਪਹੁੰਚਣ ਲਈ ਖੁਦ ਆਵਾਜਾਈ ਦਾ ਪ੍ਰਬੰਧ ਕਰਨਾ ਪਵੇਗਾ।

ਟ੍ਰੈਫਿਕ ਬਲਾਕ ਦੌਰਾਨ ਆਰਐਲਡੀਏ ਵੱਲੋਂ ਸਟੇਸ਼ਨ ਦੀ ਛੱਤ ਦੇ ਬਾਕੀ ਹਿੱਸੇ ਦੀ ਉਸਾਰੀ, ਮੌਜੂਦਾ ਫੁੱਟ-ਓਵਰਬ੍ਰਿਜ ਦੇ ਗਰਡਰਾਂ ਨੂੰ ਹਟਾਉਣ, ਥੰਮ੍ਹਾਂ ਦੀ ਮਜ਼ਬੂਤੀ ਅਤੇ ਨਵੀਂ ਛੱਤ ਨਾਲ ਜੁੜੇ ਹੋਰ ਅਹਿਮ ਕੰਮ ਕੀਤੇ ਜਾਣਗੇ।

ਨਿਰਮਾਣ ਅਤੇ ਸਫਾਈ ਦੇ ਕੰਮਾਂ ਦੇ ਚਲਦਿਆਂ ਪਹਿਲੇ ਪੜਾਅ ਵਿੱਚ ਕਰੀਬ 20 ਟਰੇਨਾਂ ਦੇ ਪਲੇਟਫਾਰਮ ਵੀ ਬਦਲੇ ਜਾਣਗੇ। ਪਲੇਟਫਾਰਮ ਨੰਬਰ 1 ਅਤੇ 2 ਤੋਂ ਚੱਲਣ ਵਾਲੀਆਂ ਕੁਝ ਰੇਲ ਸੇਵਾਵਾਂ ਨੂੰ ਹੋਰ ਪਲੇਟਫਾਰਮਾਂ ’ਤੇ ਤਬਦੀਲ ਕੀਤਾ ਜਾਵੇਗਾ।

ਰੇਲਵੇ ਅਧਿਕਾਰੀਆਂ ਮੁਤਾਬਕ ਨਿਰਮਾਣ ਏਜੰਸੀ ਨੂੰ ਅੰਬਾਲਾ ਡਿਵੀਜ਼ਨ ਵੱਲੋਂ ਲੋੜੀਂਦੀ ਮਨਜ਼ੂਰੀ ਮਿਲ ਚੁੱਕੀ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਆਪਣੀ ਟਰੇਨ ਦੀ ਤਾਜ਼ਾ ਸਥਿਤੀ ਜ਼ਰੂਰ ਜਾਂਚਣ, ਸਟੇਸ਼ਨ ਲਈ ਵਾਧੂ ਸਮਾਂ ਰੱਖ ਕੇ ਨਿਕਲਣ ਅਤੇ ਉੱਥੇ ਪਹੁੰਚਣ ਤੋਂ ਬਾਅਦ ਡਿਸਪਲੇ ਬੋਰਡਾਂ ਤੇ ਘੋਸ਼ਣਾਵਾਂ ’ਤੇ ਨਜ਼ਰ ਰੱਖਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.