IMG-LOGO
ਹੋਮ ਪੰਜਾਬ: ਪੰਜਾਬੀ ਸਾਹਿਤ ਨੂੰ ਵੱਡਾ ਘਾਟਾ, ਉੱਘੇ ਲੇਖਕ ਤੇ ਸਿੱਖਿਆ ਸ਼ਾਸਤਰੀ...

ਪੰਜਾਬੀ ਸਾਹਿਤ ਨੂੰ ਵੱਡਾ ਘਾਟਾ, ਉੱਘੇ ਲੇਖਕ ਤੇ ਸਿੱਖਿਆ ਸ਼ਾਸਤਰੀ ਡਾ. ਵਿਦਵਾਨ ਸਿੰਘ ਸੋਨੀ ਦਾ ਦੇਹਾਂਤ

Admin User - Sep 04, 2026 05:13 PM
IMG

ਪੰਜਾਬੀ ਦੇ ਪ੍ਰਸਿੱਧ ਲੇਖਕ, ਸਿੱਖਿਆ ਸ਼ਾਸਤਰੀ ਅਤੇ ਵਿਗਿਆਨ ਨੂੰ ਪੰਜਾਬੀ ਭਾਸ਼ਾ ਰਾਹੀਂ ਲੋਕਾਂ ਤੱਕ ਪਹੁੰਚਾਉਣ ਵਾਲੇ ਡਾ. ਵਿਦਵਾਨ ਸਿੰਘ ਸੋਨੀ ਦਾ 83 ਸਾਲ ਦੀ ਉਮਰ ਵਿੱਚ ਅੱਜ ਸਵੇਰੇ ਮੋਹਾਲੀ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੰਜਾਬੀ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਸੋਗ ਦੀ ਲਹਿਰ ਹੈ।

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਡਾ. ਸੋਨੀ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਭੌਤਿਕ ਵਿਗਿਆਨ ਨੂੰ ਪ੍ਰਚਲਿਤ ਕਰਨ ਲਈ ਡਾ. ਸੋਨੀ ਵੱਲੋਂ ਨਿਭਾਈ ਭੂਮਿਕਾ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਹੈ। ਉਨ੍ਹਾਂ ਕਿਹਾ ਕਿ ਡਾ. ਸੋਨੀ ਦੀ ਪੰਜਾਬੀ ਸਾਹਿਤ ਸਭਾ ਪਟਿਆਲਾ ਨਾਲ ਲੰਬੇ ਸਮੇਂ ਤੋਂ ਗਹਿਰੀ ਸਾਂਝ ਰਹੀ ਅਤੇ ਉਨ੍ਹਾਂ ਨੇ ਆਪਣੀ ਮਾਤ ਭਾਸ਼ਾ ਨੂੰ ਸਾਹਿਤਕ ਰਚਨਾ ਲਈ ਹਮੇਸ਼ਾ ਤਰਜੀਹ ਦਿੱਤੀ।

ਡਾ. ਸੋਨੀ ਨੂੰ ਉਨ੍ਹਾਂ ਦੇ ਵੱਡਮੁੱਲੇ ਸਾਹਿਤਕ ਯੋਗਦਾਨ ਲਈ ਪੰਜਾਬੀ ਸਾਹਿਤ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਉਨ੍ਹਾਂ ਦੀ ਆਖ਼ਰੀ ਪੰਜਾਬੀ ਪੁਸਤਕ ‘ਧਰਤੀ ਅੰਬਰ ਦੀ’ ਵੀ ਸਭਾ ਵੱਲੋਂ ਰਿਲੀਜ਼ ਕੀਤੀ ਗਈ ਸੀ।

ਡਾ. ਵਿਦਵਾਨ ਸਿੰਘ ਸੋਨੀ ਨੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਅਤੇ ਸਰਕਾਰੀ ਕਾਲਜ, ਰੋਪੜ ਵਿੱਚ ਪ੍ਰਿੰਸੀਪਲ ਵਜੋਂ ਲੰਬਾ ਸਮਾਂ ਸੇਵਾਵਾਂ ਨਿਭਾਈਆਂ। ਸਾਹਿਤ ਤੋਂ ਇਲਾਵਾ ਵਿਗਿਆਨ ਅਤੇ ਪੁਰਾਤੱਤਵ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ। ਉਨ੍ਹਾਂ ਨੇ ਸ਼ਿਵਾਲਿਕ ਖੇਤਰ ਵਿੱਚ ਪੁਰਾਣੇ ਜੀਵਾਸ਼ਮਾਂ ਅਤੇ ਪੱਥਰ ਦੇ ਸੰਦਾਂ ਦੀ ਖੋਜ ਕਰਕੇ ਜੀਵ-ਵਿਕਾਸ ਨਾਲ ਸਬੰਧਤ ਅਹਿਮ ਖੋਜ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਆਪਣੀ ਖੋਜ ਸਮੱਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਥਾਪਿਤ ਜੀਵਾਸ਼ਮ ਅਜਾਇਬ ਘਰ ਨੂੰ ਭੇਂਟ ਕਰ ਦਿੱਤੀ।

ਬਾਲ ਸਾਹਿਤ ਦੇ ਖੇਤਰ ਵਿੱਚ ਵੀ ਉਨ੍ਹਾਂ ਦੀ ਵਿਸ਼ੇਸ਼ ਪਛਾਣ ਸੀ। ਉਨ੍ਹਾਂ ਨੂੰ ਬਾਲ ਸਾਹਿਤ ਰਚਨਾ ਲਈ ਕੌਮੀ ਪੁਰਸਕਾਰ ਦੇ ਨਾਲ-ਨਾਲ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫੈਲੋ ਵੀ ਰਹੇ।

ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਵਿੱਚ ‘ਕਿਹ ਬਿਧਿ ਸਜਾ ਪ੍ਰਿਥਮ ਸੰਸਾਰਾਂ’, ‘ਭਿਅੰਕਰ ਕਿਰਲੇ’, ‘ਇਲੈਕਟ੍ਰਾਨਿਕਸ ਦੇ ਮੁੱਲ ਤੱਤ’, ‘ਚੰਨ’, ‘ਪਹੀਆ’ ਅਤੇ ‘ਕੀਮਤੀ ਪੱਥਰ’ ਸਮੇਤ ਕਈ ਪੁਸਤਕਾਂ ਸ਼ਾਮਲ ਹਨ।

ਡਾ. ਸੋਨੀ ਆਪਣੇ ਪਿੱਛੇ ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਬਾਅਦ ਦੁਪਹਿਰ 3:30 ਵਜੇ ਪਟਿਆਲਾ-ਰਾਜਪੁਰਾ ਰੋਡ ’ਤੇ ਸਥਿਤ ਸਥਾਨਕ ਬੀਰ ਜੀ ਦੀਆਂ ਮੜ੍ਹੀਆਂ ਵਿਖੇ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਅਨੁਜੋਤ ਸਿੰਘ ਸੋਨੀ ਨੇ ਉਨ੍ਹਾਂ ਦੀ ਦੇਹ ਨੂੰ ਅਗਨੀ ਵਿਖਾਈ।

ਇਸ ਮੌਕੇ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸ਼ੋਕ ਸਭਾ ਵੀ ਕਰਵਾਈ ਗਈ। ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਸਰਪ੍ਰਸਤ ਬਾਬੂ ਸਿੰਘ ਰੈਹਲ, ਜਨਰਲ ਸਕੱਤਰ ਦਵਿੰਦਰ ਪਟਿਆਲਵੀਂ, ਬਲਬੀਰ ਸਿੰਘ ਦਿਲਦਾਰ ਅਤੇ ਨਵਦੀਪ ਸਿੰਘ ਮੁੰਡੀ ਸਮੇਤ ਹੋਰ ਸਾਹਿਤਕਾਰਾਂ ਨੇ ਡਾ. ਸੋਨੀ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਦੀਆਂ ਸਾਹਿਤਕ ਤੇ ਵਿਗਿਆਨਕ ਸੇਵਾਵਾਂ ਨੂੰ ਯਾਦ ਕੀਤਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.