ਤਾਜਾ ਖਬਰਾਂ
ਹੁਸ਼ਿਆਰਪੁਰ: ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਤੋਂ ਸਿੱਖਿਆ ਜਗਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 12 ਸਾਲਾਂ ਦੀ ਸਕੂਲੀ ਵਿਦਿਆਰਥਣ ਨਾਲ ਉਸੇ ਦੇ ਹੈੱਡਮਾਸਟਰ ਵੱਲੋਂ ਲਗਾਤਾਰ ਜਿਣਸੀ ਸ਼ੋਸ਼ਣ ਕੀਤਾ ਜਾ ਰਿਹਾ ਸੀ। ਸਿਵਲ ਹਸਪਤਾਲ 'ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਮਾਸੂਮ ਦੀ ਹਾਲਤ 'ਚ ਹੁਣ ਸੁਧਾਰ ਦੱਸਿਆ ਜਾ ਰਿਹਾ ਹੈ। ਡਾਕਟਰਾਂ ਅਨੁਸਾਰ ਜੇਕਰ ਪਰਿਵਾਰ 27 ਅਗਸਤ ਨੂੰ ਉਸ ਨੂੰ ਹਸਪਤਾਲ ਨਾ ਲਿਆਉਂਦਾ, ਤਾਂ ਬੱਚੀ ਦੀ ਜਾਨ ਬਚਾਉਣਾ ਅਸੰਭਵ ਹੋ ਜਾਂਦਾ।
ਮੈਡੀਕਲ ਟੀਮ ਅਨੁਸਾਰ ਜਦੋਂ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ, ਤਾਂ ਉਸ ਦੀ ਹਾਲਤ ਬੇਹੱਦ ਨਾਜ਼ੁਕ ਸੀ ਅਤੇ ਬਹੁਤ ਜ਼ਿਆਦਾ ਖ਼ੂਨ ਵਹਿ ਰਿਹਾ ਸੀ। ਬੱਚੀ ਇਸ ਕਦਰ ਸਹਿਮੀ ਹੋਈ ਸੀ ਕਿ ਉਹ ਕੁਝ ਵੀ ਬੋਲਣ ਤੋਂ ਡਰ ਰਹੀ ਸੀ। ਡਾਕਟਰਾਂ ਵੱਲੋਂ ਮਾਨਸਿਕ ਹੌਸਲਾ ਦੇਣ ਤੋਂ ਬਾਅਦ ਉਸ ਨੇ ਆਪਬੀਤੀ ਸੁਣਾਉਂਦਿਆਂ ਦੱਸਿਆ ਕਿ ਸਕੂਲ ਦਾ ਹੈੱਡਮਾਸਟਰ ਪਿਛਲੇ 3 ਮਹੀਨਿਆਂ ਤੋਂ ਉਸ ਨਾਲ ਦਰਿੰਦਗੀ ਕਰ ਰਿਹਾ ਸੀ। ਪੀੜਤ ਦੇ ਪਿਤਾ ਨੇ ਦੱਸਿਆ ਕਿ ਮੁਲਜ਼ਮ ਅਧਿਆਪਕ ਬੱਚੀ ਨੂੰ ਪੜ੍ਹਾਈ 'ਚ ਫੇਲ੍ਹ ਕਰਨ, ਜਾਨੋਂ ਮਾਰਨ ਅਤੇ ਬਦਨਾਮ ਕਰਨ ਦੀਆਂ ਧਮਕੀਆਂ ਦੇ ਕੇ ਉਸ ਦਾ ਮੂੰਹ ਬੰਦ ਰੱਖਦਾ ਸੀ।
ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਨੇ ਦਾਅਵਾ ਕੀਤਾ ਹੈ ਕਿ ਮਾਮਲੇ ਦੀ ਜਾਂਚ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ, ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ 11 ਅਗਸਤ ਨੂੰ ਪੀੜਤਾ ਸਕੂਲ ਵਿੱਚ ਗ਼ੈਰ-ਹਾਜ਼ਰ ਸੀ।
ਹਾਲਾਂਕਿ, ਪੀੜਤ ਧਿਰ ਦੇ ਵਕੀਲ ਸੰਦੀਪ ਸ਼ਰਮਾ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪੀ.ਐੱਸ. ਘੁੰਮਣ ਨੇ ਪੁਲਿਸ 'ਤੇ ਮੁਲਜ਼ਮ ਨੂੰ ਬਚਾਉਣ ਦੇ ਸਿੱਧੇ ਦੋਸ਼ ਲਾਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਸੁਸਤੀ ਕਾਰਨ 2 ਸਤੰਬਰ ਨੂੰ ਅਦਾਲਤ 'ਚ ਬਿਆਨ ਦਰਜ ਕਰਵਾਉਣ ਲਈ ਅਰਜ਼ੀ ਵੀ ਪੀੜਤ ਪਰਿਵਾਰ ਨੂੰ ਖ਼ੁਦ ਦਾਖ਼ਲ ਕਰਨੀ ਪਈ, ਜਿਸ 'ਤੇ ਅਦਾਲਤ ਨੇ ਵੀ ਪੁਲਿਸ ਨੂੰ ਤਾੜਨਾ ਕੀਤੀ ਹੈ। ਵਕੀਲਾਂ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਬੱਚੀ ਨੂੰ ਕਈ ਘੰਟੇ ਡਰਾਉਣ-ਧਮਕਾਉਣ ਦਾ ਵੀ ਯਤਨ ਕੀਤਾ ਗਿਆ।
Get all latest content delivered to your email a few times a month.