IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਅਟਲਾਂਟਿਕ ’ਚ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਹਾਦਸੇ ਦਾ ਸ਼ਿਕਾਰ, 83...

ਅਟਲਾਂਟਿਕ ’ਚ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਹਾਦਸੇ ਦਾ ਸ਼ਿਕਾਰ, 83 ਮੌਤਾਂ ਦਾ ਦਾਅਵਾ; 44 ਲੋਕ ਬਚਾਏ

Admin User - Sep 03, 2026 09:01 PM
IMG

ਅਟਲਾਂਟਿਕ ਮਹਾਸਾਗਰ ਵਿੱਚ ਪੱਛਮੀ ਅਫਰੀਕਾ ਤੋਂ ਸਪੇਨ ਵੱਲ ਜਾ ਰਹੀ ਪ੍ਰਵਾਸੀਆਂ ਨਾਲ ਭਰੀ ਇੱਕ ਕਿਸ਼ਤੀ ਨਾਲ ਵਾਪਰੇ ਦਰਦਨਾਕ ਹਾਦਸੇ ਨੇ ਦਿਲ ਦਹਿਲਾ ਦਿੱਤਾ ਹੈ। ਜਾਣਕਾਰੀ ਮੁਤਾਬਕ ਕਿਸ਼ਤੀ ਕਰੀਬ 27 ਦਿਨ ਸਮੁੰਦਰ ਵਿੱਚ ਭਟਕਦੀ ਰਹੀ। ਇਸ ਦੌਰਾਨ ਭੁੱਖ, ਪਿਆਸ ਅਤੇ ਖ਼ਰਾਬ ਮੌਸਮ ਕਾਰਨ 80 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।

ਸਪੈਨਿਸ਼ ਮੈਰੀਟਾਈਮ ਰੈਸਕਿਊ ਟੀਮ ਨੇ ਬੁੱਧਵਾਰ ਨੂੰ ਗ੍ਰਾਨ ਕੈਨਾਰੀਆ ਦੇ ਅਰਗੁਈਨੇਗੁਇਨ ਤੱਟ ਤੋਂ ਲਗਭਗ 65 ਨੌਟੀਕਲ ਮੀਲ ਦੂਰ ਕਿਸ਼ਤੀ ਨੂੰ ਲੱਭਿਆ। ਰੈਸਕਿਊ ਟੀਮ ਨੇ ਕਾਰਵਾਈ ਕਰਦਿਆਂ 44 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਕਿਸ਼ਤੀ ਵਿੱਚੋਂ 5 ਮ੍ਰਿਤਕ ਦੇਹਾਂ ਵੀ ਮਿਲੀਆਂ।

ਮਾਨਵ ਅਧਿਕਾਰ ਸੰਸਥਾ ‘ਕਾਮਿਨਾਂਦੋ ਫਰੰਟੇਰਾਸ’ ਦੀ ਸੰਸਥਾਪਕ ਹੈਲੇਨਾ ਮਾਲੇਨੋ ਗਾਰਜ਼ੋਨ ਨੇ ਦੱਸਿਆ ਕਿ ਇਹ ਕਿਸ਼ਤੀ ਅਗਸਤ ਦੇ ਸ਼ੁਰੂ ਵਿੱਚ ਦਿ ਗਾਂਬੀਆ ਤੋਂ ਰਵਾਨਾ ਹੋਈ ਸੀ ਅਤੇ ਇਸ ਵਿੱਚ ਕੁੱਲ 127 ਲੋਕ ਸਵਾਰ ਸਨ। ਉਨ੍ਹਾਂ ਦੇ ਮੁਤਾਬਕ ਲੰਬੇ ਅਤੇ ਮੁਸ਼ਕਲ ਸਮੁੰਦਰੀ ਸਫ਼ਰ ਦੌਰਾਨ 83 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਪੈਨਿਸ਼ ਅਧਿਕਾਰੀਆਂ ਮੁਤਾਬਕ ਸਮੁੰਦਰ ਵਿੱਚ ਕਰੀਬ 2.5 ਮੀਟਰ ਉੱਚੀਆਂ ਲਹਿਰਾਂ ਅਤੇ 20 ਨੌਟ ਦੀ ਰਫ਼ਤਾਰ ਨਾਲ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਰੈਸਕਿਊ ਟੀਮ ਨੂੰ ਕਿਸ਼ਤੀ ਵਿੱਚੋਂ ਮ੍ਰਿਤਕ ਦੇਹਾਂ ਕੱਢਣ ਵਿੱਚ ਮੁਸ਼ਕਲ ਆਈ। ਬਚਾਏ ਗਏ ਸਾਰੇ 44 ਲੋਕ ਸਬ-ਸਹਾਰਨ ਅਫਰੀਕਾ ਦੇ ਪੁਰਸ਼ ਹਨ। ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਹਵਾਈ ਰਸਤੇ ਹਸਪਤਾਲ ਪਹੁੰਚਾਇਆ ਗਿਆ।

ਕੈਨਾਰੀਆ ਆਈਲੈਂਡਜ਼ ਦੇ ਮੁਖੀ ਫਰਨਾਂਡੋ ਕਲਾਵੀਜੋ ਨੇ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕੀਮਤੀ ਜਾਨਾਂ ਦਾ ਇਸ ਤਰ੍ਹਾਂ ਚਲੇ ਜਾਣਾ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਅਟਲਾਂਟਿਕ ਮਹਾਸਾਗਰ ਨੂੰ ਇਸ ਤਰ੍ਹਾਂ ਮੌਤ ਦਾ ਜਾਲ ਨਹੀਂ ਬਣਨ ਦਿੱਤਾ ਜਾ ਸਕਦਾ।

ਪੱਛਮੀ ਅਫਰੀਕਾ ਤੋਂ ਕੈਨਾਰੀ ਆਈਲੈਂਡਜ਼ ਵੱਲ ਜਾਣ ਵਾਲਾ ਸਮੁੰਦਰੀ ਰਸਤਾ ਦੁਨੀਆ ਦੇ ਸਭ ਤੋਂ ਖ਼ਤਰਨਾਕ ਪ੍ਰਵਾਸੀ ਰਸਤਿਆਂ ਵਿੱਚ ਗਿਣਿਆ ਜਾਂਦਾ ਹੈ। ਹਰ ਸਾਲ ਬਿਹਤਰ ਜ਼ਿੰਦਗੀ ਦੀ ਉਮੀਦ ਵਿੱਚ ਹਜ਼ਾਰਾਂ ਲੋਕ ਇਸ ਖ਼ਤਰਨਾਕ ਸਮੁੰਦਰੀ ਰਸਤੇ ਰਾਹੀਂ ਯਾਤਰਾ ਕਰਦੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.