ਤਾਜਾ ਖਬਰਾਂ
ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀ ਮਾਜਰਾ, ਖਰੜ ਵਿਖੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਦੀ ਮੌਜੂਦਗੀ ਵਿੱਚ ਇਨ੍ਹਾਂ ਇਨੋਵੇਸ਼ਨ ਲੈਬਜ਼ ਦਾ ਰਾਜ ਪੱਧਰੀ ਉਦਘਾਟਨ ਕੀਤਾ।
ਇਹ ਲੈਬਜ਼ ਪੰਜਾਬ ਸਰਕਾਰ ਨੇ ਵਿਭਾ ਇੰਡੀਆ ਅਤੇ ਮੇਕਰ ਭਵਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਤਿਆਰ ਕੀਤੀਆਂ ਹਨ। ਕਰੀਬ 1.5 ਕਰੋੜ ਰੁਪਏ ਦੀ ਲਾਗਤ ਨਾਲ ਇਹ ਸਹੂਲਤਾਂ ਖੂਨੀ ਮਾਜਰਾ, ਬਠਿੰਡਾ, ਫਿਰੋਜ਼ਪੁਰ, ਬਡਬਰ ਅਤੇ ਤਲਵਾੜਾ ਦੇ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਸਥਾਪਤ ਕੀਤੀਆਂ ਗਈਆਂ ਹਨ।
ਇਨ੍ਹਾਂ ਲੈਬਜ਼ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਮਸ਼ੀਨਰੀ ਅਤੇ ਤਕਨਾਲੋਜੀ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ। ਵਿਦਿਆਰਥੀ ਆਪਣੇ ਵਿਚਾਰਾਂ ’ਤੇ ਪ੍ਰਯੋਗ ਕਰਨ, ਪ੍ਰੋਟੋਟਾਈਪ ਤਿਆਰ ਕਰਨ ਅਤੇ ਅਸਲ ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਦੇ ਤਕਨੀਕੀ ਹੱਲ ਵਿਕਸਤ ਕਰਨ ਦੇ ਯੋਗ ਹੋਣਗੇ।
ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੌਲੀਟੈਕਨਿਕ ਕਾਲਜਾਂ ਦੇ ਵਿਦਿਆਰਥੀ ਪੰਜਾਬ ਦੀ ਭਵਿੱਖੀ ਤਕਨੀਕੀ ਵਰਕਫੋਰਸ ਹਨ। ਸਰਕਾਰ ਦਾ ਟੀਚਾ ਸਿਰਫ਼ ਕਲਾਸਰੂਮ ਤੱਕ ਸਿੱਖਿਆ ਨੂੰ ਸੀਮਤ ਰੱਖਣਾ ਨਹੀਂ, ਸਗੋਂ ਵਿਦਿਆਰਥੀਆਂ ਨੂੰ ਪ੍ਰਯੋਗ, ਨਵੀਨਤਾ ਅਤੇ ਸਿਰਜਣਾਤਮਕਤਾ ਲਈ ਲੋੜੀਂਦੇ ਸਰੋਤ ਮੁਹੱਈਆ ਕਰਵਾਉਣਾ ਹੈ।
ਉਨ੍ਹਾਂ ਦੱਸਿਆ ਕਿ ਇਨੋਵੇਸ਼ਨ ਲੈਬਜ਼ ਰਾਹੀਂ ਵਿਦਿਆਰਥੀਆਂ ਵਿੱਚ ਰਚਨਾਤਮਕ ਸੋਚ, ਸਮੱਸਿਆ ਹੱਲ ਕਰਨ ਦੀ ਸਮਰੱਥਾ, ਟੀਮ ਵਰਕ ਅਤੇ ਵਿਹਾਰਕ ਤਕਨੀਕੀ ਹੁਨਰ ਵਿਕਸਤ ਕੀਤੇ ਜਾਣਗੇ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਤਕਨਾਲੋਜੀ ਅਧਾਰਤ ਪ੍ਰੋਜੈਕਟਾਂ, ਪ੍ਰੋਟੋਟਾਈਪਿੰਗ ਅਤੇ ਵੱਖ-ਵੱਖ ਇਨੋਵੇਸ਼ਨ ਚੁਣੌਤੀਆਂ ਵਿੱਚ ਹਿੱਸਾ ਲੈਣ ਦੇ ਮੌਕੇ ਮਿਲਣਗੇ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਪਹਿਲਕਦਮੀ ਤਕਨੀਕੀ ਸਿੱਖਿਆ, ਉਦਯੋਗ ਦੀਆਂ ਲੋੜਾਂ ਅਤੇ ਨੌਜਵਾਨਾਂ ਦੀ ਰੁਜ਼ਗਾਰ ਯੋਗਤਾ ਵਿਚਕਾਰ ਦੂਰੀ ਘਟਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ। ਸਰਕਾਰ, ਵਿਭਾ ਇੰਡੀਆ ਅਤੇ ਮੇਕਰ ਭਵਨ ਫਾਊਂਡੇਸ਼ਨ ਦੀ ਭਾਈਵਾਲੀ ਨਾਲ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਨਵੀਨਤਾ ਅਤੇ ਹੁਨਰ ਵਿਕਾਸ ਦਾ ਮਜ਼ਬੂਤ ਈਕੋਸਿਸਟਮ ਤਿਆਰ ਕਰਨ ਦਾ ਟੀਚਾ ਹੈ।
ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਖੇਤਰ ਵਿੱਚ ਪਹਿਲੀ ਵਾਰ ਏਅਰ ਹੋਸਟੈੱਸ ਕੋਰਸ ਸ਼ੁਰੂ ਕੀਤੇ ਗਏ ਹਨ ਅਤੇ ਸਰਕਾਰੀ ਤਕਨੀਕੀ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।
ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸਰਕਾਰ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਧੁਨਿਕ ਬੁਨਿਆਦੀ ਢਾਂਚੇ, ਹੁਨਰ ਵਿਕਾਸ ਅਤੇ ਤਕਨਾਲੋਜੀ ਅਧਾਰਤ ਸਿੱਖਿਆ ’ਤੇ ਦਿੱਤਾ ਜਾ ਰਿਹਾ ਜ਼ੋਰ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ।
Get all latest content delivered to your email a few times a month.